ਨਵੀਂ ਦਿੱਲੀ: ਲੋਕ ਸਭਾ ਚੋਣਾਂ 2024 ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਦੂਜੀ ਬੈਠਕ ਸ਼ੁੱਕਰਵਾਰ ਨੂੰ ਖਤਮ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਤਰਫੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਹ ਬੈਠਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਹੋਈ। ਕਾਂਗਰਸ ਵੱਲੋਂ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਹਿੱਸਾ ਲਿਆ।
ਇੰਡੀਆ ਅਲਾਇੰਸ ਦੀ ਵਰਚੁਅਲ ਮੀਟਿੰਗ: ਦਿੱਲੀ ਸਮੇਤ ਹੋਰ ਰਾਜਾਂ ਵਿੱਚ ਸੀਟਾਂ ਦੀ ਵੰਡ ਨੂੰ ਅੰਤਿਮ ਛੋਹਾਂ ਦੇਣ ਲਈ ਮੀਟਿੰਗ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੰਡੀਆ ਅਲਾਇੰਸ ਦੀ ਇੱਕ ਵਰਚੁਅਲ ਮੀਟਿੰਗ ਹੋਈ ਸੀ, ਜਿਸ ਵਿੱਚ ਸੀਐਮ ਕੇਜਰੀਵਾਲ ਨੇ ਵੀ ਸ਼ਿਰਕਤ ਕੀਤੀ ਸੀ। ਇਸ ਬੈਠਕ 'ਚ ਮਲਿਕਾਰਜੁਨ ਖੜਗੇ ਨੂੰ ਗਠਜੋੜ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਮੁਕੁਲ ਵਾਸਨਿਕ ਦੇ ਘਰ 'ਆਪ' ਨੇਤਾਵਾਂ ਦੀ ਬੈਠਕ ਹੋਈ। ਬੈਠਕ ਤੋਂ ਬਾਅਦ ਕਾਂਗਰਸ ਨੇਤਾ ਮੁਕੁਲ ਵਾਸਨਿਕ ਨੇ ਕਿਹਾ ਸੀ ਕਿ ਸਭ ਕੁਝ ਠੀਕ ਚੱਲ ਰਿਹਾ ਹੈ।
ਕੁਝ ਇਸ ਤਰ੍ਹਾਂ ਹੋ ਸਕਦੀ ਸੀਟ ਸ਼ੇਅਰਿੰਗ: ਕਾਬਿਲੇਗੌਰ ਹੈ ਕਿ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਅਹਿਮ ਮੁੱਦਾ ਹੈ, ਇਸ 'ਤੇ 14 ਅਤੇ 15 ਜਨਵਰੀ ਨੂੰ ਫੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਆਗੂ ਆਪਸ ਵਿੱਚ ਵਿਚਾਰ ਵਟਾਂਦਰਾ ਕਰਨਗੇ ਅਤੇ ਪ੍ਰਸਤਾਵ ਰੱਖਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਬੈਠਕ 'ਚ ਜੋ ਸੀਟ ਵੰਡ ਪ੍ਰਸਤਾਵ ਰੱਖਿਆ ਜਾਵੇਗਾ, ਉਸ 'ਚ ਦਿੱਲੀ ਅਤੇ ਹਰਿਆਣਾ 'ਚ ਲੋਕ ਸਭਾ ਦੀਆਂ ਤਿੰਨ-ਤਿੰਨ ਸੀਟਾਂ, ਗੁਜਰਾਤ ਅਤੇ ਗੋਆ 'ਚ ਇਕ-ਇਕ ਸੀਟ ਅਤੇ ਪੰਜਾਬ ਦੀਆਂ 6 ਸੀਟਾਂ 'ਤੇ ਆਮ ਆਦਮੀ ਪਾਰਟੀ ਚੋਣ ਲੜਨ ਲਈ ਆਪਣੇ ਉਮੀਦਵਾਰ ਦਾ ਦਾਅਵਾ ਕਰ ਸਕਦੀ ਹੈ। ਜਿਸ 'ਤੇ ਕਾਂਗਰਸ ਦੀ ਗੱਠਜੋੜ ਕਮੇਟੀ ਵਿਚਾਰ ਕਰ ਸਕਦੀ ਹੈ।
ਪੰਜਾਬ 'ਚ ਸਸਪੈਂਸ ਬਰਕਰਾਰ: ਦੱਸ ਦਈਏ ਕਿ ਪੰਜਾਬ 'ਚ ਇਸ ਤੋਂ ਉਲਟ ਸਮੀਕਰਨ ਦੇਖਣ ਨੂੰ ਮਿਲ ਰਹੇ ਹਨ। ਜਿਥੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਇੰਡੀਆ ਗਠਜੋੜ ਰਾਹੀ ਸੀਟ ਸ਼ੇਅਰਿੰਗ ਤੋਂ ਜਵਾਬ ਦੇ ਰਹੀ ਹੈ ਤਾਂ ਉਥੇ ਹੀ ਪੰਜਾਬ ਦੀ 'ਆਪ' ਇਕਾਈ ਵੀ ਸੀਟਾਂ ਦੀ ਵੰਡ ਨੂੰ ਲੈਕੇ ਨਾਂਹ ਦਿੰਦੀ ਆ ਰਹੀ ਹੈ। ਜਿਸ ਦੇ ਚੱਲਦੇ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਵੀ ਦਿੱਤਾ ਸੀ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ 'ਆਪ' ਹੂੰਝਾ ਫੇਰ 13 ਸੀਟਾਂ 'ਤੇ ਜਿੱਤ ਦਰਜ ਕਰੇਗਾ।