ਓਡੀਸ਼ਾ:ਲਗਾਤਾਰ ਪੰਜ ਦਿਨਾਂ ਦੀ ਗਿਣਤੀ ਤੋਂ ਬਾਅਦ ਸ਼ਰਾਬ ਦੇ ਸਾਮਰਾਜ ਦੇ ਕਾਲੇ ਧਨ ਦੀ ਗਿਣਤੀ ਖ਼ਤਮ ਹੋ ਗਈ ਹੈ। ਹਾਲਾਂਕਿ, ਐਤਵਾਰ ਨੂੰ ਪੈਸਿਆਂ ਦੀ ਗਿਣਤੀ ਪੂਰੀ ਹੋ ਗਈ ਸੀ, ਪਰ ਇਸ ਦੀ ਸਹੀ ਰਕਮ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਗਿਆ ਹੈ ਕਿ 1 ਜਾਂ 2 ਦਿਨਾਂ 'ਚ ਪਤਾ ਲੱਗ ਜਾਵੇਗਾ ਕਿ ਕਿੰਨੀ ਰਕਮ ਜ਼ਬਤ ਕੀਤੀ ਗਈ ਹੈ। ਅਨੁਮਾਨ ਹੈ ਕਿ ਜ਼ਬਤ ਕੀਤੀ ਗਈ ਰਕਮ 300 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਬਲਾਂਗੀਰ ਸਥਿਤ ਐਸਬੀਆਈ ਦੇ ਮੁੱਖ ਦਫ਼ਤਰ ਵਿੱਚ ਪਿਛਲੇ ਪੰਜ ਦਿਨਾਂ ਤੋਂ ਗਿਣਤੀ ਚੱਲ ਰਹੀ ਹੈ।
ਕੁੱਲ 176 ਬੈਗ ਵਿੱਚ ਕੈਸ਼ ਇੱਕਠਾ ਹੋਇਆ: 176 ਬੈਗਾਂ ਵਿੱਚ ਰੱਖੀ ਨਕਦੀ ਨੂੰ ਗਿਣਤੀ ਲਈ ਨੇੜਲੇ ਐਸਬੀਆਈ ਸ਼ਾਖਾ ਵਿੱਚ ਲਿਜਾਇਆ ਗਿਆ। ਬਾਅਦ ਵਿੱਚ ਤਿਟਲਾਗੜ੍ਹ ਅਤੇ ਸੰਬਲਪੁਰ ਵਿੱਚ ਦੇਸੀ ਸ਼ਰਾਬ ਬਣਾਉਣ ਵਾਲੇ ਯੂਨਿਟਾਂ ਤੋਂ ਵੱਡੀ ਮਾਤਰਾ ਵਿੱਚ ਨਕਦੀ ਵੀ ਜ਼ਬਤ ਕੀਤੀ ਗਈ। ਜ਼ਬਤ ਕੀਤੀ ਨਕਦੀ ਨੂੰ ਦੋ ਵੈਨਾਂ ਵਿੱਚ ਸੰਬਲਪੁਰ ਐਸਬੀਆਈ ਸ਼ਾਖਾ ਵਿੱਚ ਲਿਜਾਇਆ ਗਿਆ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਵੇਂ ਦਿਨ ਵੀ ਆਈਟੀ ਛਾਪੇਮਾਰੀ ਜਾਰੀ ਰਹੀ। ਬੀਤੀ ਰਾਤ (ਐਤਵਾਰ) ਤੱਕ ਪੈਸਿਆਂ ਨਾਲ ਭਰੀਆਂ ਸਾਰੀਆਂ 176 ਬੈਗਾਂ ਦੀ ਗਿਣਤੀ ਹੋ ਚੁੱਕੀ ਹੈ।