ਸ਼੍ਰੀਨਗਰ:ਜੰਮੂ-ਕਸ਼ਮੀਰ ਪੁਲਿਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਸੋਪੋਰ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) (Lashkar-e-Taiba) ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਦੀ ਹਰਕਤ ਦੀ ਖਾਸ ਸੂਚਨਾ ਦੇ ਆਧਾਰ 'ਤੇ ਸੁਨਵਾਨੀ ਪੁਲ, ਵਡੁਰਾ ਬਾਲਾ ਨੇੜੇ ਪੁਲਿਸ, ਫੌਜ ਦੀ 22 ਆਰ.ਆਰ ਅਤੇ ਸੀ.ਆਰ.ਪੀ.ਐੱਫ. ਵੱਲੋਂ ਵਿਸ਼ੇਸ਼ ਚੌਕੀ ਲਗਾਈ ਗਈ ਸੀ।
ਪੁਲਿਸ ਨੇ ਦੱਸਿਆ, "ਜਾਂਚ ਦੌਰਾਨ ਸੰਯੁਕਤ ਟੀਮ ਨੇ ਵਡੁਰਾ ਬਾਲਾ ਤੋਂ ਸੁਨਵਾਨੀ ਪੁਲ ਵੱਲ ਆ ਰਹੇ ਤਿੰਨ ਵਿਅਕਤੀਆਂ ਨੂੰ ਰੋਕਿਆ, ਜਿਨ੍ਹਾਂ ਨੇ ਸਾਂਝੀ ਨਾਕਾ ਟੀਮ ਨੂੰ ਦੇਖ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਬੜੀ ਚਲਾਕੀ ਨਾਲ ਕਾਬੂ ਕਰ ਲਿਆ ਗਿਆ।" ਇਨ੍ਹਾਂ ਦੀ ਪਛਾਣ ਤੁਫੈਲ ਮਜੀਦ ਮੀਰ ਵਾਸੀ ਬਰਠਕਲਾਂ, ਓਵੈਸ ਅਹਿਮਦ ਮੀਰ ਵਾਸੀ ਬਰਠਕਲਾਂ ਅਤੇ ਸ਼ਬੀਰ ਅਹਿਮਦ ਵੇਜ ਵਾਸੀ ਵਾਰਪੋਰਾ ਵਜੋਂ ਹੋਈ ਹੈ।