ਹੁਬਲੀ— 26ਵੇਂ ਰਾਸ਼ਟਰੀ ਯੁਵਾ ਉਤਸਵ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਕਰਨਾਟਕ ਦੇ ਹੁਬਲੀ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਡ ਸ਼ੋਅ ਦੌਰਾਨ ਲੋਕਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਅਚਾਨਕ ਇੱਕ ਨੌਜਵਾਨ ਉਨ੍ਹਾਂ ਵੱਲ ਦੌੜਦਾ ਹੈ ਅਤੇ ਪੀਐਮ ਦੇ ਬਹੁਤ ਨੇੜੇ ਪਹੁੰਚ ਜਾਂਦਾ ਹੈ। ਨੌਜਵਾਨ ਪ੍ਰਧਾਨ ਮੰਤਰੀ ਨੂੰ ਫੁੱਲਾਂ ਦੀ ਮਾਲਾ ਪਾਉਣਾ ਚਾਹੁੰਦਾ ਸੀ। ਇਸ ਲਈ ਉਹ ਬਿਨ੍ਹਾਂ ਸੋਚੇ ਸਮਝੇ ਐਸਪੀਜੀ ਦਾ ਘੇਰਾ ਤੋੜ੍ਹ ਕੇ ਪੀਐਮ ਮੋਦੀ ਕੋਲ ਪਹੁੰਚ ਗਿਆ। ਇਸ ਦੌਰਾਨ ਐਸਪੀਜੀ ਕਮਾਂਡੋ ਹਰਕਤ ਵਿੱਚ ਆਏ ਅਤੇ ਨੌਜਵਾਨ ਨੂੰ ਦੂਰ ਕੀਤਾ।
ਪੁਲਿਸ ਕਮਿਸ਼ਨਰ ਨੇ ਸੁਰੱਖਿਆ ਵਿੱਚ ਕੁਤਾਹੀ ਤੋਂ ਇਨਕਾਰ ਕੀਤਾ:-ਹਾਲਾਂਕਿ, ਇਸ ਮੁੱਦੇ 'ਤੇ, ਹੁਬਲੀ ਦੇ ਪੁਲਿਸ ਕਮਿਸ਼ਨਰ ਨੇ ਸੁਰੱਖਿਆ ਵਿੱਚ ਕਿਸੇ ਵੀ ਉਲੰਘਣਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਪੀਐਮਓ ਨੇ ਦੱਸਿਆ ਸੀ ਕਿ 12 ਤੋਂ 16 ਜਨਵਰੀ ਤੱਕ ਹੁਬਲੀ ਵਿੱਚ ਹੋਣ ਵਾਲੇ ਰਾਸ਼ਟਰੀ ਯੁਵਾ ਉਤਸਵ ਦਾ ਥੀਮ 'ਵਿਕਸਤ ਨੌਜਵਾਨ, ਵਿਕਸਤ ਭਾਰਤ' ਹੈ। ਦੱਸ ਦੇਈਏ ਕਿ ਕਰਨਾਟਕ ਵਿੱਚ 2023 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਭਾਜਪਾ ਸਮੇਤ ਕਈ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।