ਪੰਚਕੂਲਾ: ਪੰਚਕੂਲਾ ਕ੍ਰਾਈਮ ਬ੍ਰਾਂਚ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਫੜ੍ਹੇ ਗਏ ਮੁਲਜ਼ਮ ਦਾ ਨਾਮ ਅਕਸ਼ੈ ਪਹਿਲਵਾਨ ਹੈ ਜਿਸ ਨੂੰ ਕ੍ਰਾਈਮ ਬ੍ਰਾਂਚ 26 ਪੁਲਿਸ ਨੇ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਮੁਲਜ਼ਮ ਉੱਤੇ ਕਈ ਗੰਭੀਰ ਮਾਮਲੇ ਦਰਜ
ਸੈਕਟਰ 26 ਕ੍ਰਾਈਮ ਬ੍ਰਾਂਚ ਦੇ ਇੰਚਾਰਜ ਅਮਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਪੰਚਕੂਲਾ ਵਿੱਚ ਪਿਸਤੌਲ ਦੀ ਮਦਦ ਨਾਲ ਕਾਰ ਖੋਹ ਕੇ ਭੱਜਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਮੂਲ ਰੂਪ ਵਿੱਚ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ ਅਤੇ ਇਸ ਗੈਂਗਸਟਰ ’ਤੇ ਹਰਿਆਣਾ ਸਮੇਤ ਕਈ ਰਾਜਾਂ ਵਿੱਚ ਕੁੱਲ 17 ਕਤਲ ਦੇ ਕੇਸ, 11 ਡਕੈਤੀਆਂ, ਕਤਲ ਦੀ ਕੋਸ਼ਿਸ਼ ਦੇ 9 ਕੇਸ ਅਤੇ 4 ਧਮਕੀ ਦੇਣ ਦੇ ਕੇਸ ਦਰਜ ਹਨ।
2018 'ਚ ਪਿਸਤੌਲ ਦੀ ਨੌਕ 'ਤੇ ਕੀਤੀ ਲੁੱਟ
ਅਮਨ ਕੁਮਾਰ ਨੇ ਅੱਗੇ ਦੱਸਿਆ ਕਿ ਸਾਲ 2018 ਵਿੱਚ ਮੁਲਜ਼ਮ ਸੈਕਟਰ 5 ਵਿੱਚ ਇੱਕ ਵਿਅਕਤੀ ਕੋਲੋਂ ਕਾਰ ਖੋਹ ਲਈ ਸੀ ਅਤੇ ਇਸ ਕੇਸ ਵਿੱਚ ਮੁਲਜ਼ਮ ਖ਼ਿਲਾਫ਼ ਧਾਰਾ 392 ਆਈਪੀਸੀ 25-54-59 ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਘੱਗਰ ਪੁੱਲ ਨੇੜੇ ਸੈਕਟਰ 21 ਪੰਚਕੂਲਾ ਦੀ ਮਾਰਕੀਟ ਵਿਚ ਕਿਸੇ ਕੰਮ ਲਈ ਆਪਣੀ ਕਾਰ ਵਿੱਚ ਆ ਰਿਹਾ ਸੀ ਤਾਂ ਸ਼ਰਾਬ ਦੇ ਠੇਕੇ ਨੇੜੇ ਅਕਸ਼ੈ ਨੇ ਆਪਣੇ ਹੋਰ ਸਾਥੀਆਂ ਨਾਲ ਪਿਸਤੌਲ ਦੀ ਨੋਕ 'ਤੇ ਕਾਰ ਦੀ ਲੁੱਟ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ।