ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਮੰਗਲਵਾਰ ਨੂੰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕੀਤਾ ਗਿਆ। ਸਸਕਾਰ ਤੋਂ ਪਹਿਲਾਂ ਕਈ ਲੋਕ ਮਹਾਨ ਕ੍ਰਿਕਟਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਰੋਹਨ ਜੇਤਲੀ, ਵਰਿੰਦਰ ਸਹਿਵਾਗ, ਜ਼ਹੀਰ ਖਾਨ, ਮੁਹੰਮਦ ਅਜ਼ਹਰੂਦੀਨ, ਕੀਰਤੀ ਆਜ਼ਾਦ, ਕਪਿਲ ਦੇਵ, ਸੰਸਦ ਮੈਂਬਰ ਰਮੇਸ਼ ਬਿਧੂੜੀ, ਦਿੱਲੀ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ ਸਮੇਤ ਕਈ ਲੋਕ ਇੱਥੇ ਪੁੱਜੇ।
ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਕਿਹਾ, "ਅਸੀਂ ਸਾਰਿਆਂ ਨੇ ਕ੍ਰਿਕਟ ਖੇਡੀ ਹੈ ਅਤੇ ਅਸੀਂ ਸਾਰੇ ਇੱਕ ਦਿਨ ਚਲੇ ਜਾਵਾਂਗੇ, ਪਰ ਬਹੁਤ ਘੱਟ ਲੋਕ ਇੱਕ ਕਿਰਦਾਰ ਲੈ ਕੇ ਆਉਂਦੇ ਹਨ। ਉਹ ਇੱਕ ਕਿਰਦਾਰ ਲੈ ਕੇ ਆਏ ਸੀ ਅਤੇ ਉਸ ਵਿੱਚ ਕਾਮਯਾਬ ਰਹੇ। ਇਹ ਭਾਰਤੀ ਕ੍ਰਿਕਟ ਦੀ ਸਭ ਤੋਂ ਵੱਡੀ ਉਪਲਬਧੀ ਹੈ। ਇਹ ਮੇਰੇ ਲਈ ਸਭ ਤੋਂ ਵੱਡਾ ਨੁਕਸਾਨ ਹੈ। ਉਹ ਇੱਕ ਮਹਾਨ ਇਨਸਾਨ ਸੀ। ਉਹ ਮੇਰੇ ਕਪਤਾਨ, ਮੇਰੇ ਗੁਰੂ, ਮੇਰੇ ਸਭ ਕੁਝ ਸੀ।"
ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਕੀਰਤੀ ਆਜ਼ਾਦ ਦਾ ਕਹਿਣਾ ਹੈ, "ਬਿਸ਼ਨ ਭਾਜੀ ਦੀ ਵਜ੍ਹਾ ਨਾਲ ਅਸੀਂ ਫਾਈਟਰ ਬਣ ਕੇ ਉਭਰੇ। ਉਹ ਸਾਨੂੰ ਛੱਡ ਕੇ ਚਲੇ ਗਏ, ਪਰ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ। ਉਹ ਇੱਕ ਸੰਪੂਰਨ ਫਾਈਟਰ ਅਤੇ ਮੈਦਾਨ ਦੇ ਬਾਹਰ ਸਭ ਤੋਂ ਵਧੀਆ ਦੋਸਤ ਸਨ।" ਬਹੁਤ ਵੱਡਾ ਘਾਟਾ, ਨਾ ਸਿਰਫ਼ ਕ੍ਰਿਕਟ ਲਈ ਸਗੋਂ ਹਰ ਉਸ ਵਿਅਕਤੀ ਲਈ ਜੋ ਉਨ੍ਹਾਂ ਨੂੰ ਜਾਣਦੇ ਹਨ।
77 ਸਾਲ ਦੀ ਉਮਰ ਵਿੱਚ ਦਿਹਾਂਤ: ਬਿਸ਼ਨ ਸਿੰਘ ਬੇਦੀ ਦਾ ਸੋਮਵਾਰ ਨੂੰ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਦੇਸ਼ ਅਤੇ ਦੁਨੀਆ ਭਰ ਦੇ ਲੋਕਾਂ ਨੇ ਸ਼ਰਧਾਂਜਲੀ ਦਿੱਤੀ। ਬੇਦੀ ਦਾ ਜਨਮ 1946 ਵਿੱਚ ਹੋਇਆ ਸੀ ਅਤੇ ਉਹ ਭਾਰਤੀ ਟੀਮ ਦੇ ਸਪਿਨਰ ਗੇਂਦਬਾਜ਼ ਸਨ। ਉਨ੍ਹਾਂ ਦੇ ਦਿਹਾਂਤ 'ਤੇ ਕਈ ਵੱਡੇ ਨੇਤਾਵਾਂ ਅਤੇ ਕ੍ਰਿਕਟਰਾਂ ਨੇ ਦੁੱਖ ਪ੍ਰਗਟ ਕੀਤਾ ਸੀ। ਸ਼ਾਹਰੁਖ ਖਾਨ, ਸਲਮਾਨ ਖਾਨ, ਕਰਨ ਜੌਹਰ, ਵਿੱਕੀ ਕੌਸ਼ਲ ਵਰਗੇ ਬਾਲੀਵੁੱਡ ਸਿਤਾਰਿਆਂ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਰਾਹੀਂ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।
ਪਰਿਵਾਰਕ ਮੈਂਬਰ ਮੌਜੂਦ ਸਨ: ਬੇਦੀ ਦੇ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੇ ਸਮੁੱਚੇ ਪਰਿਵਾਰਕ ਮੈਂਬਰ ਮੌਜੂਦ ਸਨ। ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਵੀ ਸਾਬਕਾ ਕਪਤਾਨ ਨੂੰ ਵਿਦਾਈ ਦੇਣ ਪਹੁੰਚੀ। ਬੇਦੀ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਬੀਮਾਰੀ ਨਾਲ ਲੜਦੇ ਹੋਏ ਉਨ੍ਹਾਂ ਨੇ ਆਖਰੀ ਸਾਹ ਲਿਆ। ਬੇਦੀ ਨੇ ਆਪਣੇ ਕ੍ਰਿਕਟ ਕਰੀਅਰ ਵਿੱਚ ਭਾਰਤ ਲਈ 67 ਟੈਸਟ ਮੈਚ ਅਤੇ 10 ਇੱਕ ਰੋਜ਼ਾ ਮੈਚ ਖੇਡੇ ਹਨ।