ਰਾਏਗੜ੍ਹ:ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੀ ਖਾਲਾਪੁਰ ਤਹਿਸੀਲ ਦੇ ਪਿੰਡ ਇਰਸ਼ਾਲਵਾੜੀ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਨੇ ਵੀਰਵਾਰ ਨੂੰ ਕਿਹਾ ਕਿ ਮਲਬੇ 'ਚ 100 ਤੋਂ ਜ਼ਿਆਦਾ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਹੁਣ ਤੱਕ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਰਸਾਲਵਾੜੀ ਪਿੰਡ 'ਚ ਜ਼ਮੀਨ ਖਿਸਕਣ ਦੀ ਸੂਚਨਾ ਮਿਲਦੇ ਹੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਮੰਤਰੀ ਉਦੈ ਸਾਮੰਤ, ਗਿਰੀਸ਼ ਮਹਾਜਨ, ਦਾਦਾ ਭੂਸੇ ਅਤੇ ਮਹੇਸ਼ ਬਾਲਦੀ ਤੁਰੰਤ ਮੌਕੇ 'ਤੇ ਪਹੁੰਚ ਗਏ।
ਬਚਾਅ ਕਾਰਜ ਜਾਰੀ: NDRF ਨੇ ਦੱਸਿਆ ਕਿ ਦੋ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਦੋ ਹੋਰ ਟੀਮਾਂ ਮੁੰਬਈ ਤੋਂ ਰਵਾਨਾ ਹੋ ਗਈਆਂ ਹਨ। ਇਸ ਦੌਰਾਨ ਰਾਏਗੜ੍ਹ ਪੁਲਿਸ ਨੇ ਘਟਨਾ ਤੋਂ ਬਾਅਦ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੇ ਮੌਕੇ ਤੋਂ 22 ਲੋਕਾਂ ਨੂੰ ਬਚਾ ਲਿਆ ਹੈ ਪਰ ਮਲਬੇ 'ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।
ਰਾਏਗੜ੍ਹ ਪੁਲਿਸ ਨੇ ਕਿਹਾ ਕਿ ਸਾਨੂੰ ਦਿਨ ਦਾ ਉਜਾਲਾ ਹੋਣ 'ਤੇ ਸਥਿਤੀ ਦਾ ਚੰਗੀ ਤਰ੍ਹਾਂ ਪਤਾ ਲੱਗ ਜਾਵੇਗਾ। ਫਿਲਹਾਲ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਦੇ 100 ਤੋਂ ਜ਼ਿਆਦਾ ਲੋਕ ਬਚਾਅ ਕਾਰਜ 'ਚ ਲੱਗੇ ਹੋਏ ਹਨ। ਸਾਨੂੰ NDRF, ਸਥਾਨਕ ਲੋਕਾਂ ਅਤੇ ਕੁਝ NGO ਤੋਂ ਵੀ ਮਦਦ ਮਿਲ ਰਹੀ ਹੈ।
ਮਲਬੇ ਹੇਠ ਦੱਬਿਆ ਪਿੰਡ ਦਾ 90 ਫੀਸਦੀ ਹਿੱਸਾ: ਚੌਂਕ ਪਿੰਡ ਤੋਂ 6 ਕਿਲੋਮੀਟਰ ਦੂਰ ਮੋਰਬੇ ਡੈਮ ਦੇ ਉੱਪਰ ਪਹਾੜੀ ਖੇਤਰ ਵਿੱਚ ਆਦੀਵਾਸੀ ਪਿੰਡ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਖਿਸਕਣ ਤੋਂ ਬਾਅਦ ਪਿੰਡ ਦਾ 90 ਫੀਸਦੀ ਹਿੱਸਾ ਮਲਬੇ ਹੇਠਾਂ ਦੱਬ ਗਿਆ ਹੈ। ਜ਼ਮੀਨ ਖਿਸਕਣ ਦੀ ਘਟਨਾ ਰਾਤ 10:30 ਤੋਂ 11:00 ਵਜੇ ਦਰਮਿਆਨ ਵਾਪਰੀ। ਇਸ ਪਿੰਡ ਵਿੱਚ 50 ਤੋਂ 60 ਆਦਿਵਾਸੀ ਪਰਿਵਾਰਾਂ ਦੀ ਵੱਡੀ ਆਬਾਦੀ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ 30 ਤੋਂ 40 ਪਰਿਵਾਰ ਮਲਬੇ ਹੇਠਾਂ ਦੱਬੇ ਹੋ ਸਕਦੇ ਹਨ। ਇਸ ਦੌਰਾਨ ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਇੱਥੇ ਰਾਹਤ ਕਾਰਜਾਂ ਵਿੱਚ ਦਿੱਕਤਾਂ ਆ ਰਹੀਆਂ ਹਨ।
ਹਨੇਰੇ ਅਤੇ ਮੀਂਹ ਕਾਰਨ ਮਿੱਟੀ ਫਿਸਲਣ ਕਾਰਨ ਬਚਾਅ ਕਾਰਜਾਂ ਵਿੱਚ ਬਚਾਅ ਟੀਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਜਾ ਕੇ ਫਾਇਰਮੈਨ ਦੀ ਮੌਤ ਹੋ ਗਈ। ਭਾਰੀ ਬਾਰਿਸ਼ ਅਤੇ ਸੰਘਣੀ ਧੁੰਦ ਕਾਰਨ ਬਚਾਅ ਟੀਮਾਂ ਨੂੰ ਮੌਕੇ 'ਤੇ ਪਹੁੰਚਣ 'ਚ ਦਿੱਕਤ ਆ ਰਹੀ ਹੈ। ਜਾਣਕਾਰੀ ਅਨੁਸਾਰ 19 ਜੁਲਾਈ ਰਾਤ 11 ਵਜੇ ਤੱਕ ਰਾਏਗੜ੍ਹ ਜ਼ਿਲ੍ਹੇ ਵਿੱਚ ਸਾਵਿਤਰੀ, ਅੰਬਾ, ਪਾਤਾਲਗੰਗਾ ਅਤੇ ਕੁੰਡਲਿਕਾ ਨਦੀਆਂ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕੀਆਂ ਹਨ।