ਗੁਹਾਟੀ:ਮਣੀਪੁਰ ਦੇ ਨੋਨੀ ਜ਼ਿਲੇ 'ਚ ਇਕ ਰੇਲਵੇ ਨਿਰਮਾਣ ਸਥਾਨ 'ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 29 ਤੱਕ ਪਹੁੰਚ ਗਈ ਹੈ। ਜਿਸ ਵਿੱਚ ਮਜ਼ਦੂਰਾਂ ਸਮੇਤ 9 ਨਾਗਰਿਕ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 20 ਟੈਰੀਟੋਰੀਅਲ ਆਰਮੀ ਦੇ ਜਵਾਨ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਦੋ ਸੁਰੱਖਿਆ ਕਰਮਚਾਰੀਆਂ ਸਮੇਤ ਆਸਾਮ ਦੇ ਅੱਠ ਲੋਕਾਂ ਦੀ ਵੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਅਸਾਮ ਦੇ ਕੈਬਨਿਟ ਮੰਤਰੀ ਪੀਯੂਸ਼ ਹਜ਼ਾਰਿਕਾ ਨੇ ਕਿਹਾ ਕਿ ਮ੍ਰਿਤਕ ਦੇਹਾਂ ਨੂੰ ਅਸਾਮ ਭੇਜਿਆ ਜਾਵੇਗਾ ਅਤੇ ਅਸਮ ਸਰਕਾਰ ਇਸ ਲਈ ਸਾਰੇ ਜ਼ਰੂਰੀ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਵਾਪਸ ਅਸਾਮ ਲਿਜਾਣ ਲਈ ਟਰਾਂਸਪੋਰਟ ਦੇ ਪ੍ਰਬੰਧ ਵੀ ਕੀਤੇ ਜਾਣਗੇ।
ਜਾਣਕਾਰੀ ਮੁਤਾਬਕ ਮਨੀਪੁਰ ਦੇ ਨੋਨੀ ਜ਼ਿਲੇ 'ਚ ਹੋਏ ਇਸ ਹਾਦਸੇ 'ਚ 34 ਲੋਕ ਅਜੇ ਵੀ ਲਾਪਤਾ ਹਨ ਅਤੇ ਹੁਣ ਤੱਕ ਇੱਥੇ 18 ਲੋਕਾਂ ਨੂੰ ਜ਼ਿੰਦਾ ਬਰਾਮਦ ਕਰ ਲਿਆ ਗਿਆ ਹੈ। ਸ਼ਨੀਵਾਰ ਸਵੇਰੇ ਤੁਪੁਲ ਪਹੁੰਚੇ ਹਜ਼ਾਰਿਕਾ ਨੇ ਕਿਹਾ ਕਿ ਇਹ ਬਹੁਤ ਦੁਖਦ ਅਤੇ ਮੰਦਭਾਗੀ ਘਟਨਾ ਹੈ। ਰਾਹਤ ਅਤੇ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਹੈ। ਮੰਤਰੀ ਨੇ ਕਿਹਾ ਕਿ ਉਹ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਹਸਪਤਾਲ ਵਿੱਚ ਆਸਾਮ ਨਾਲ ਸਬੰਧਤ ਜ਼ਖ਼ਮੀਆਂ ਨੂੰ ਮਿਲਣਗੇ। ਇਸ ਦੌਰਾਨ ਮੋਰੀਗਾਂਵ ਦੇ ਡਿਪਟੀ ਕਮਿਸ਼ਨਰ ਪੀ.ਆਰ. ਘੜਫਲੀਆ ਨੇ ਦੱਸਿਆ ਕਿ ਜ਼ਿਲੇ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਨੂੰ ਬਰਾਮਦ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਦੀ ਪਛਾਣ ਕੀਤੀ ਗਈ ਸੀ, ਜਦਕਿ ਇਕ ਦੀ ਪਛਾਣ ਇਕ ਦਿਨ ਪਹਿਲਾਂ ਕੀਤੀ ਗਈ ਸੀ।