ਮੁੰਬਈ: ਮਹਾਰਾਸ਼ਟਰ ਸਰਕਾਰ ਨੇ ਸੋਮਵਾਰ ਨੂੰ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਪਨਗਰ ਵਿਖਰੋਲੀ ਵਿੱਚ ਗੋਦਰੇਜ ਐਂਡ ਬੌਇਸ ਮੈਨੂਫੈਕਚਰਿੰਗ ਕੰਪਨੀ ਲਿਮਟਿਡ ਦੀ ਮਲਕੀਅਤ ਵਾਲੇ ਪਲਾਟ ਨੂੰ ਛੱਡ ਕੇ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਲਈ ਜ਼ਮੀਨ ਗ੍ਰਹਿਣ ਪ੍ਰਕਿਰਿਆ ਪੂਰੀ ਹੋ ਗਈ ਹੈ।
ਵਿਖਰੋਲੀ ਵਿੱਚ ਕੰਪਨੀ ਦੀ ਮਲਕੀਅਤ ਵਾਲੇ ਪਲਾਟ ਨੂੰ ਲੈ ਕੇ 2019 ਤੋਂ ਰਾਜ ਸਰਕਾਰ ਅਤੇ ਕੰਪਨੀ ਵਿਚਕਾਰ ਕਾਨੂੰਨੀ ਵਿਵਾਦ ਚੱਲ ਰਿਹਾ ਹੈ। ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਕੁੱਲ 508.17 ਕਿਲੋਮੀਟਰ ਲੰਬੀ ਰੇਲ ਲਾਈਨ ਵਿੱਚੋਂ ਲਗਭਗ 21 ਕਿਲੋਮੀਟਰ ਲਾਈਨ ਜ਼ਮੀਨਦੋਜ਼ ਹੋਵੇਗੀ।
ਭੂਮੀਗਤ ਲਾਈਨ ਲਈ ਬਣਾਈ ਜਾਣ ਵਾਲੀ ਸੁਰੰਗ ਦੇ ਪ੍ਰਵੇਸ਼ ਪੁਆਇੰਟਾਂ ਵਿੱਚੋਂ ਇੱਕ ਵਿਖਰੋਲੀ ਵਿੱਚ ਪੈਂਦਾ ਹੈ ਜੋ ਗੋਦਰੇਜ ਦੀ ਮਾਲਕੀ ਵਾਲੀ ਜ਼ਮੀਨ 'ਤੇ ਹੈ। ਕੰਪਨੀ ਨੇ ਪਿਛਲੇ ਮਹੀਨੇ ਇੱਕ ਪਟੀਸ਼ਨ ਦਾਇਰ ਕਰਕੇ ਮਹਾਰਾਸ਼ਟਰ ਸਰਕਾਰ ਦੇ 15 ਸਤੰਬਰ ਨੂੰ ਬੁਲੇਟ ਟਰੇਨ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ।