ਨਵੀਂ ਦਿੱਲੀ/ਨੋਇਡਾ: ਨੋਇਡਾ ਦੇ ਸੈਕਟਰ-39 ਇਲਾਕੇ ਦੇ ਥਾਣਾ ਸਦਰਪੁਰ ਕਲੋਨੀ ਵਿੱਚ ਪੂਰੇ ਪੈਸੇ ਨਾ ਮਿਲਣ ਕਾਰਨ ਗੁੱਸੇ ਵਿੱਚ ਆਏ ਮਜ਼ਦੂਰ ਨੇ ਇੱਕ ਵਿਅਕਤੀ ਦੀ ਮਰਸਡੀਜ਼ ਕਾਰ ਨੂੰ ਅੱਗ ਲਗਾ ਦਿੱਤੀ। ਦਰਅਸਲ ਬਿਸਰਖ ਥਾਣਾ ਖੇਤਰ ਦੇ ਪਿੰਡ ਰੋਜਾ ਜਲਾਲਪੁਰ ਨਿਵਾਸੀ ਰਣਵੀਰ ਨਾਂ ਦੇ ਮਜ਼ਦੂਰ ਨੇ ਸਦਰਪੁਰ ਦੇ ਆਯੂਸ਼ ਚੌਹਾਨ ਦੇ ਘਰ ਟਾਈਲਾਂ ਲਗਵਾਈਆਂ। ਪਰ ਆਯੂਸ਼ ਨੇ ਰਣਵੀਰ ਨੂੰ ਪੂਰੇ ਪੈਸੇ ਨਹੀਂ ਦਿੱਤੇ। ਉਸ 'ਤੇ ਦੋ ਲੱਖ 68 ਹਜ਼ਾਰ ਰੁਪਏ ਬਕਾਇਆ ਸਨ। ਕਈ ਵਾਰ ਪੈਸੇ ਮੰਗਣ ਤੋਂ ਬਾਅਦ ਜਦੋਂ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਸੋਮਵਾਰ ਨੂੰ ਰਣਵੀਰ ਨੇ ਆਯੂਸ਼ ਦੀ ਮਰਸਡੀਜ਼ 'ਚ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ (Laborer set fire to Mercedes)।
ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਦੇ ਆਧਾਰ 'ਤੇ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਮੋਟਰਸਾਈਕਲ ਦੀ ਨੰਬਰ ਪਲੇਟ ਦੇ ਆਧਾਰ ’ਤੇ ਕੀਤੀ ਗਈ ਹੈ। ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਇਆ, ਜਿਸ 'ਚ ਇਕ ਵਿਅਕਤੀ ਬਾਈਕ 'ਤੇ ਆਉਂਦਾ ਦਿਖਾਈ ਦੇ ਰਿਹਾ ਹੈ ਅਤੇ ਸੜਕ 'ਤੇ ਇਕ ਘਰ ਦੇ ਬਾਹਰ ਖੜ੍ਹੀ ਕਾਰ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਰਿਹਾ ਹੈ। ਵੀਡੀਓ 'ਚ ਮੁਲਜ਼ਮ ਨੇ ਪਹਿਲਾਂ ਬਾਈਕ ਸੜਕ ਦੇ ਕਿਨਾਰੇ ਖੜ੍ਹੀ ਕੀਤੀ ਅਤੇ ਡਿੱਗੀ 'ਚੋਂ ਬੋਤਲ ਕੱਢੀ ਅਤੇ ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਕਾਰ ਦੇ ਨੇੜੇ ਪਹੁੰਚ ਕੇ ਬੋਨਟ ਅਤੇ ਸ਼ੀਸ਼ੇ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਬਾਈਕ ਸਟਾਰਟ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ।