ਕੁਸ਼ੀਨਗਰ: ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿੱਚ ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਔਰਤ ਨੇ ਆਪਣੇ ਪਤੀ ਅਤੇ ਪਰਿਵਾਰ ਦਾ ਗੁੱਸਾ ਆਪਣੇ ਚਾਰ ਸਾਲ ਦੇ ਬੇਟੇ 'ਤੇ ਕੱਢਿਆ। ਗੁੱਸੇ 'ਚ ਆ ਕੇ ਉਸ ਨੇ ਚਾਕੂ ਨਾਲ ਬੇਟੇ ਦੀ ਹੱਤਿਆ ਕਰ ਦਿੱਤੀ। ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਜ਼ਿਲ੍ਹੇ ਦੇ ਅਹਿਰੌਲੀ ਬਾਜ਼ਾਰ ਥਾਣਾ ਖੇਤਰ ਅਧੀਨ ਪੈਂਦੇ ਇੱਕ ਪਿੰਡ ਵਿੱਚ ਵਾਪਰੀ ਹੈ। ਬੱਚੇ ਨੂੰ ਮਾਰਨ ਤੋਂ ਬਾਅਦ ਔਰਤ ਨੇ ਆਪਣੀ ਜਾਨ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਆਲੇ-ਦੁਆਲੇ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਕੁਸ਼ੀਨਗਰ ਜ਼ਿਲ੍ਹੇ ਦੇ ਅਹਿਰੌਲੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸਿੰਦੂਰੀਆ ਵਿਸ਼ੁਨਪੁਰ ਵਿੱਚ ਵੀਰਵਾਰ ਨੂੰ ਔਰਤ ਆਰਤੀ ਨੇ ਆਪਣੇ ਹੀ ਚਾਰ ਸਾਲ ਦੇ ਬੇਟੇ ਕੇਸ਼ਵ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਚਾਕੂ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਹਸਪਤਾਲ 'ਚ ਸਮੇਂ ਸਿਰ ਇਲਾਜ ਹੋਣ ਕਾਰਨ ਉਸ ਦੀ ਜਾਨ ਬਚ ਗਈ। ਔਰਤ ਦਾ ਪਤੀ ਅਜੀਤ ਯਾਦਵ ਆਪਣੇ ਮਾਤਾ-ਪਿਤਾ ਨਾਲ ਦਿੱਲੀ 'ਚ ਕੰਮ ਕਰਦਾ ਹੈ। ਆਰਤੀ ਆਪਣੇ ਬੇਟੇ ਕੇਸ਼ਵ ਦੇ ਨਾਲ ਪਿੰਡ 'ਚ ਆਪਣੀ ਭਰਜਾਈ ਨਾਲ ਰਹਿੰਦੀ ਸੀ। ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਆਰਤੀ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਸੀ। ਜਦੋਂ ਤੱਕ ਕੇਸ਼ਵ ਦੀ ਆਵਾਜ਼ ਸੁਣ ਕੇ ਰਿਸ਼ਤੇਦਾਰ ਪਹੁੰਚੇ, ਉਦੋਂ ਤੱਕ ਉਹ ਆਪਣੇ ਬੇਟੇ ਨੂੰ ਮਾਰ ਚੁੱਕੀ ਸੀ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।