ਜੰਮੂ-ਕਸ਼ਮੀਰ /ਕੁਲਗਾਮ—ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਬੁੱਧਵਾਰ ਸ਼ਾਮ ਤੋਂ ਸ਼ੁਰੂ ਹੋਇਆ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਅੱਜ ਵੀ ਜਾਰੀ ਹੈ। ਕੁਲਗਾਮ ਦੇ ਆਦਿਗਾਮ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ 'ਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ। ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਅੱਜ ਦੂਜੇ ਦਿਨ ਵੀ ਜਾਰੀ ਹੈ।
ਸਥਿਤੀ ਨੂੰ ਦੇਖਦੇ ਹੋਏ ਅੱਜ ਸਵੇਰੇ ਵਾਧੂ ਸੁਰੱਖਿਆ ਬਲਾਂ ਅਤੇ ਵਾਹਨਾਂ ਨੂੰ ਇਲਾਕੇ ਵਿੱਚ ਬੁਲਾਇਆ ਗਿਆ। ਐਸਪੀ ਕੁਲਗਾਮ ਨੇ ਦੱਸਿਆ ਕਿ ਪੁਲਿਸ ਅਤੇ ਸੈਨਾ ਦੀ ਇੱਕ ਸਾਂਝੀ ਟੀਮ ਨੇ ਇੱਕ ਸੂਚਨਾ ਦੇ ਆਧਾਰ 'ਤੇ ਹਦੀਗਾਮ ਮੋਹਨਪੁਰਾ ਕੁਲਗਾਮ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਜਿਵੇਂ ਹੀ ਸੁਰੱਖਿਆ ਬਲ ਸ਼ੱਕੀ ਸਥਾਨ 'ਤੇ ਪਹੁੰਚੇ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਵੀ ਬਚਾਅ 'ਚ ਗੋਲੀਬਾਰੀ ਕੀਤੀ। ਇਸ ਤਰ੍ਹਾਂ ਦੋਵਾਂ ਧਿਰਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ।