ਕਰਨਾਲ: ਜ਼ਿਲ੍ਹਾ ਸਕੱਤਰੇਤ ਦੇ ਬਾਹਰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਉਦੋਂ ਤੱਕ ਨਹੀਂ ਹਿਲਣਗੇ ਜਦੋਂ ਤੱਕ ਸਰਕਾਰ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦੇਣ ਵਾਲੇ ਐਸਡੀਐਮ ਆਯੂਸ਼ ਸਿਨਹਾ ਵਿਰੁੱਧ ਕਾਰਵਾਈ ਨਹੀਂ ਕਰਦੀ। ਦੂਜੇ ਪਾਸੇ ਸਰਕਾਰ ਇਸ ਗੱਲ 'ਤੇ ਵੀ ਅੜੀ ਹੋਈ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਯੂਸ਼ ਸਿਨਹਾ ਵਿਰੁੱਧ ਕਾਰਵਾਈ ਨਹੀਂ ਕਰੇਗੀ। ਮੰਗਲਵਾਰ ਤੋਂ ਹੀ ਕਿਸਾਨ ਕਰਨਾਲ ਦੇ ਮਿੰਨੀ ਸਕੱਤਰੇਤ ਦੇ ਬਾਹਰ ਬੈਠੇ ਹਨ। ਇਸ ਤੋਂ ਪਹਿਲਾਂ ਕਿਸਾਨਾਂ ਨੇ ਮਹਾਪੰਚਾਇਤ ਵੀ ਰੱਖੀ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ।
ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸਰਕਾਰ ਮੰਨਣ ਦੇ ਮੂਡ ਵਿੱਚ ਨਹੀਂ ਜਾਪਦੀ। ਉਨ੍ਹਾਂ ਅੱਗੇ ਕਿਹਾ ਕਿ ਦੇਖਦੇ ਹਾਂ ਕਿ ਹੁਣ ਕੀ ਹੁੰਦਾ ਹੈ ਪਰ ਪ੍ਰਸ਼ਾਸਨ ਦੇ ਹੱਥ ਵਿੱਚ ਕੁੱਝ ਹੈ ਨਹੀਂ ਤਾਂ ਉਹ ਕੀ ਕਰਨਗੇ। ਉਨ੍ਹਾਂ ਕਿਹਾ ਕਿ ਆਯੂਸ਼ ਸਿਨਹਾ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਜਾਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਜਾਵੇ। ਸਰਕਾਰ ਅੰਦੋਲਨ ਨੂੰ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਇਸ ਨੂੰ ਸਵੀਕਾਰ ਕਰਨ ਦੇ ਮੂਡ ਵਿੱਚ ਵੀ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਕਿਸਾਨਾਂ ਅਤੇ ਪ੍ਰਸ਼ਾਸਨ ਦੀ ਗੱਲਬਾਤ ਹੋਈ ਸੀ ਪਰ ਕੁਝ ਨਹੀਂ ਹੋਇਆ। ਇਸਤੋਂ ਬਾਅਦ ਕਿਸਾਨਾਂ ਨੇ ਮੰਡੀ ਤੋਂ ਮਿੰਨੀ ਸਕੱਤਰੇਤ ਵੱਲ ਕੂਚ ਕੀਤਾ। ਪੁਲਿਸ ਕਿਸਾਨਾਂ ਨੂੰ ਰੋਕਣਾ ਚਾਹੁੰਦੀ ਸੀ ਇਸਦੇ ਲਈ ਉਨ੍ਹਾਂ ਨੇ ਜਲ ਤੋਪਾਂ ਦੀ ਵਰਤੋਂ ਵੀ ਕੀਤੀ। ਪਰ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਤੇ ਸਾਰੇ ਪ੍ਰਬੰਧਾਂ ਨੂੰ ਟਾਲਦੇ ਹੋਏ ਉਹ ਮਿੰਨੀ ਸਕੱਤਰੇਤ ਦੇ ਬਾਹਰ ਬੈਠ ਗਏ ਅਤੇ ਰਾਤ ਭਰ ਉਥੇ ਹੀ ਰਹੇ।