ਨਵੀਂ ਦਿੱਲੀ: ਖੇਤੀਬਾੜੀ ਕਾਨੂੰਨ ਵਿਰੁੱਧ ਅੱਜ ਦਿੱਲੀ ਸਰਹੱਦ ‘ਤੇ ਕਿਸਾਨਾਂ ਨੇ ਡੇਰੇ ਲਾਏ ਹੋਏ ਹਨ ਅਤੇ ਅੱਜ 10ਵੇਂ ਦਿਨ ਵੀ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਸਭ ਦੇ ਵਿਚਕਾਰ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਅੱਜ ਪੰਜਵੇਂ ਦੌਰ ਦੀ ਬੈਠਕ ਵੀ ਹੋਣ ਜਾ ਰਹੀ ਹੈ। ਵੀਰਵਾਰ ਨੂੰ ਚੌਥੇ ਦੌਰ ਦੀ ਗੱਲਬਾਤ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ ਸੀ। ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਕਾਨੂੰਨ ਨੂੰ ਵਾਪਸ ਕਰਵਾਉਣ 'ਤੇ ਅੜੀਆਂ ਹੋਈਆਂ ਹਨ। ਇਸ ਦੇ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਵੀ ਸੱਦਣ ਦੀ ਮੰਗ ਕੀਤਾ ਜਾ ਰਹੀ ਹੈ।
ਅੱਜ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਸਿੰਘੂ ਸਰਹੱਦ 'ਤੇ ਜਥੇਬੰਦੀਆਂ ਦੀ ਬੈਠਕ ਤੋਂ ਐਲਾਨ ਕੀਤਾ ਕਿ 8 ਦਸੰਬਰ ਨੂੰ ਭਾਰਤ ਬੰਦ ਕੀਤਾ ਜਾਵੇਗਾ। ਇਸੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਗਿਆ ਤਾਂ ਪੂਰਾ ਭਾਰਤ ਕਿਸਾਨਾਂ ਦੇ ਹੱਕ ਵਿੱਚ ਬੰਦ ਕਰ ਦਿੱਤਾ ਜਾਵੇਗਾ।