ਨਵੀਂ ਦਿੱਲੀ: ਕਿਰਨ ਬੇਦੀ ਨੂੰ ਪੁੱਡੂਚੇਰੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਬੇਦੀ ਦੀ ਥਾਂ ਤਮਿਲਸਾਈ ਸੌਂਦਰਰਾਜਨ ਨੂੰ ਪੁੱਡੂਚੇਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਤਮਿਲਸਾਈ ਸੌਂਦਰਰਾਜਨ ਇਸ ਸਮੇਂ ਤੇਲੰਗਾਨਾ ਦੇ ਰਾਜਪਾਲ ਵਜੋਂ ਕੰਮ ਕਰ ਰਹੇ ਹਨ। ਰਾਸ਼ਟਰਪਤੀ ਦੇ ਦਫ਼ਤਰ ਤੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਤਮਿਲਸਾਈ ਸੌਂਦਰਾਰਾਜਨ ਪੁਡੁਚੇਰੀ ਦੇ ਉਪ ਰਾਜਪਾਲ ਹੋਣਗੇ।
ਰਾਸ਼ਟਰਪਤੀ ਭਵਨ ਦੇ ਬੁਲਾਰੇ ਅਜੈ ਕੁਮਾਰ ਸਿੰਘ ਨੇ ਜਾਰੀ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਨੇ ਨਿਰਦੇਸ਼ ਦਿੱਤਾ ਹੈ ਕਿ ਕਿਰਨ ਬੇਦੀ “ਹੁਣ ਪੁੱਡੂਚੇਰੀ ਦੇ ਉਪ ਰਾਜਪਾਲ ਨਹੀਂ ਰਹਿਣਗੇ”।
ਉਹ ਉਦੋਂ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ ਜਦੋਂ ਤੱਕ ਪੁੱਡੂਚੇਰੀ ਦੇ ਉਪ ਰਾਜਪਾਲ ਦਾ ਨਿਯਮਿਤ ਪ੍ਰਬੰਧ ਨਹੀਂ ਹੁੰਦਾ। ਰਾਸ਼ਟਰਪਤੀ ਦਾ ਆਦੇਸ਼ ਇੱਕ ਰਾਜਨੀਤਿਕ ਸੰਕਟ ਦੇ ਵਿਚਕਾਰ ਆਇਆ ਹੈ, ਜਿਥੇ ਮੰਗਲਵਾਰ ਨੂੰ ਇੱਕ ਹੋਰ ਵਿਧਾਇਕ ਦੇ ਪਾਰਟੀ ਛੱਡਣ ਤੋਂ ਬਾਅਦ ਸੱਤਾਧਾਰੀ ਕਾਂਗਰਸ ਸਰਕਾਰ ਘੱਟਗਿਣਤੀ ਵਿੱਚ ਆਈ। ਦੱਸ ਦਈਏ ਕਿ ਬੇਦੀ ਅਤੇ ਨਰਾਇਣਸਾਮੀ ਦੇ ਵਿਚਕਾਰ ਕਈ ਮੁੱਦਿਆਂ 'ਤੇ ਵਿਵਾਦ ਚੱਲ ਰਿਹਾ ਹੈ।