ਚੰਡੀਗੜ੍ਹ:ਦੁਨੀਆਂ ਭਰ 'ਚ ਆਈ ਹਰ ਆਫ਼ਤ ਦੇ ਸਮੇਂ ਵਿੱਚ ਪਹਿਲੇ ਨੰਬਰ 'ਤੇ ਆਉਣ ਵਾਲੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਏਸ਼ੀਆ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਖਾਲਸਾ ਏਡ ਨੇ ਪ੍ਰੈਸ ਨੋਟ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਅਮਰਪ੍ਰੀਤ ਸਿੰਘ ਨੇ 10 ਸਾਲ ਭਾਰਤ ਵਿੱਚ ਖਾਲਸਾ ਏਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾ ਨਿਭਾਈ ਹੈ। ਪੰਜਾਬ ਅਤੇ ਹੋਰ ਸੂਬਿਆਂ 'ਚ ਇਸ ਸਾਲ ਆਏ ਹੜ੍ਹਾਂ ਵਿੱਚ ਸੱਭ ਤੋਂ ਅੱਗੇ ਰਹਿ ਕੇ ਉਨ੍ਹਾਂ ਨੇ ਰਾਹਤ ਸਮੱਗਰੀ ਮੁਹੱਈਆ ਕਰਵਾਈ। ਪਿਛਲੇ 10 ਸਾਲਾਂ ਵਿੱਚ ਖਾਲਸਾ ਏਡ ਦੁਆਰਾ ਭਾਰਤ ਅਤੇ ਪੰਜਾਬ ਵਿੱਚ ਕੀਤੇ ਗਏ ਸਾਰੇ ਰਾਹਤ ਅਤੇ ਬਚਾਅ ਕਾਰਜ ਅਮਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਕੀਤੇ ਗਏ ਸਨ।
ਖਾਲਸਾ ਏਡ ਨੇ ਜਾਰੀ ਕੀਤਾ ਬਿਆਨ :ਅਮਰਪ੍ਰੀਤ ਸਿੰਘ ਦੇ ਅਸਤੀਫੇ ਨੂੰ ਲੈਕੇੇ ਖਲਾਸਾ ਏਡ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ, ਗਿਆ ਕਿ "ਪੰਜਾਬ ਸਣੇ ਪੂਰੀ ਦੁਨੀਆ ਵਿੱਚ ਖਾਲਸਾ ਏਡ ਦੀਆਂ ਸੇਵਾਵਾਂ ਸੰਗਤ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਹਨ। ਅਸੀਂ ਖਾਲਸਾ ਏਡ ਨੂੰ ਸਹਿਯੋਗ ਅਤੇ ਦਸਵੰਧ ਦੇਣ ਵਾਲੀ ਸੰਗਤ ਦਾ ਧੰਨਵਾਦ ਕਰਦੇ ਹਾਂ, ਜੋ ਸਾਡੇ ਮਨੁੱਖਤਾਵਾਦੀ ਸੇਵਾ ਕਾਰਜਾਂ ਵਿੱਚ ਹਮੇਸ਼ਾ ਸਾਥ ਦਿੰਦੇ ਹਨ ਅਤੇ 'ਮਾਨਸ ਕਿ ਜਾਤਿ ਸਭੈ ਏਕੈ ਪਹਿਚਾਨਬੋ' ਦੇ ਸਿੱਖ ਸਿਧਾਂਤ ਨੂੰ ਅੱਗੇ ਵਧਾਉਂਦੇ ਹਨ। ਖਾਲਸਾ ਏਡ ਦਿਨੋਂ ਦਿਨ ਮਨੁੱਖਤਾ ਦੀ ਸੇਵਾ ਕਾਰਜਾਂ ਵਿੱਚ ਅੱਗੇ ਵੱਧ ਰਿਹਾ ਹੈ ਅਤੇ ਇਸ ਦੇ ਨਾਲ ਜੁੜੇ ਦਾਨੀ ਸੱਜਣਾਂ ਦੇ ਰੂਪ ਵਿੱਚ ਖਾਲਸਾ ਏਡ ਪ੍ਰਵਾਰ ਵੀ ਵੱਧ-ਫੁੱਲ ਰਿਹਾ ਹੈ। ਅਸੀਂ ਇਹ ਨਿਰੰਤਰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਦਾ ਪ੍ਰਬੰਧਕ ਢਾਂਚਾ ਸੁਚਾਰੂ ਰੂਪ ਵਿੱਚ ਚੱਲ ਸਕੇ ਅਤੇ ਅਸੀਂ ਹਮੇਸ਼ਾ ਸੰਗਤ ਪ੍ਰਤੀ ਜਵਾਬਦੇਹ ਰਹਿਣ ਦੀ ਕੋਸ਼ਿਸ਼ ਕਰਦੇ ਹਾਂ”।
ਖਾਲਸਾ ਏਡ ਦੇ ਕੌਮੀ ਸੇਵਾਦਾਰ ਅਮਰਪ੍ਰੀਤ ਸਿੰਘ ਨੇ ਦਿੱਤਾ ਅਸਤੀਫਾ,10 ਸਾਲਾਂ ਤੋਂ ਜੁੜੇ ਸਨ ਸੰਸਥਾ ਨਾਲ ਸੰਸਥਾ ਨੇ ਅੱਗੇ ਕਿਹਾ, “ਇਸੇ ਉਦੇਸ਼ ਨਾਲ ਹੀ ਹਾਲ ਹੀ ਦੇ ਦਿਨ੍ਹਾਂ ਵਿੱਚ ਖਾਲਸਾ ਏਡ ਇੰਡੀਆ ਚੈਰੀਟੇਬਲ ਟਰੱਸਟ ਬੋਰਡ ਅਤੇ ਖਾਲਸਾ ਏਡ ਇੰਡੀਆ ਵਿੱਚ ਸਾਡੇ ਸੰਚਾਲਨ ਵਿੱਚ ਬਦਲਾਅ ਕੀਤਾ ਗਿਆ ਹੈ। ਪੰਜਾਬ ਸਣੇ ਪੂਰੇ ਭਾਰਤ ਅੰਦਰ ਚੱਲ ਰਹੇ ਕਾਰਜਾਂ ਦੇ ਹੋਰ ਸੁਚੱਜੇ ਢੰਗ ਨਾਲ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਇਹ ਬਦਲਾਅ ਲਾਜ਼ਮੀ ਸੀ। ਅਸੀਂ ਸੰਗਤ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਅਮਰਪ੍ਰੀਤ ਸਿੰਘ, ਜਿਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਸੰਸਥਾ ਅੰਦਰ ਰਹਿ ਕੇ ਸੇਵਾ ਨਿਭਾਈ ਹੈ ਅਤੇ ਪੂਰੇ ਭਾਰਤ ਵਿੱਚ ਕਈ ਐਮਰਜੈਂਸੀ ਸਹਾਇਤਾ ਕਾਰਜਾਂ ਦੀ ਅਗਵਾਈ ਕੀਤੀ ਹੈ, ਉਨ੍ਹਾਂ ਨੇ ਹਾਲ ਹੀ ਵਿੱਚ ਖਾਲਸਾ ਏਡ ਇੰਡੀਆ ਚੈਰੀਟੇਬਲ ਟਰੱਸਟ ਵਿੱਚ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ”। ਖ਼ਾਲਸਾ ਏਡ ਨੇ ਕਿਹਾ ਕਿ ਸਮੇਂ-ਸਮੇਂ 'ਤੇ ਸੰਸਥਾ ਵਿੱਚ ਆਉਂਦੀ ਕਿਸੇ ਵੀ ਤਬਦੀਲੀ ਬਾਰੇ ਅਸੀਂ ਸੰਗਤ ਨੂੰ ਜਾਣਕਾਰੀ ਦੇਣੀ ਜਾਰੀ ਰੱਖਾਂਗੇ। ਪੰਜਾਬ ਸਣੇ ਪੂਰੇ ਭਾਰਤ ਅੰਦਰ ਸਮੇਂ ਦੀ ਲੋੜ ਅਨੁਸਾਰ, ਖਾਲਸਾ ਏਡ ਆਪਣੀ ਟੀਮ ਅਤੇ ਕਾਰਜਾਂ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਐਨ.ਆਈ.ਏ. ਦੀ ਰੇਡ :ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਨ.ਆਈ.ਏ. ਨੇ 2 ਅਗਸਤ ਨੂੰ ਸਵੇਰੇ 5 ਵਜੇ ਖਾਲਸਾ ਏਡ ਦੇ ਦਫ਼ਤਰ ਅਤੇ ਅਮਰਪ੍ਰੀਤ ਸਿੰਘ ਦੇ ਘਰ ਛਾਪਾ ਮਾਰ ਕੇ ਸੱਭ ਨੂੰ ਹੈਰਾਨ ਕਰ ਦਿਤਾ ਸੀ। ਉਸ ਸਮੇਂ ਖਾਲਸਾ ਏਡ ਦੇ ਅਹਿਮ ਦਸਤਾਵੇਜ਼ ਐਨ.ਆਈ.ਏ. ਨੇ ਅਪਣੇ ਕਬਜ਼ੇ ਵਿੱਚ ਲੈ ਲਏ ਸਨ। ਇਸ ਦੌਰਾਨ ਅਮਰਪ੍ਰੀਤ ਸਿੰਘ ਨੇ ਅਪਣਾ ਪੱਖ ਪੇਸ਼ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਖਾਲਸਾ ਏਡ ਉਹ ਜਾਣਕਾਰੀ ਦਿੰਦੀ ਰਹੇਗੀ, ਜਿਸ ਦੀ ਐਨ.ਆਈ.ਏ. ਨੂੰ ਲੋੜ ਹੋਵੇਗੀ। ਪੰਜਾਬ ਵਿੱਚ ਇਸ ਛਾਪੇਮਾਰੀ ਦਾ ਕਾਫੀ ਵਿਰੋਧ ਹੋਇਆ ਸੀ।