ਕੋਚੀ : ਤਿਰੂਵਨੰਤਪੁਰਮ ਹਵਾਈ ਅੱਡੇ 'ਤੇ ਸੋਨਾ ਤਸਕਰੀ ਮਾਮਲੇ 'ਚ ਕਸਟਮ ਵਿਭਾਗ ਵੱਲੋਂ ਵੱਡਾ ਹੁਕਮ ਜਾਰੀ ਕੀਤਾ ਗਿਆ ਹੈ। ਕਸਟਮ ਵਿਭਾਗ ਵੱਲੋਂ ਸਵਪਨਾ ਸੁਰੇਸ਼, ਪੀ.ਐੱਸ. ਸਰਤਿ, ਸੰਦੀਪ ਨਾਇਰ ਅਤੇ ਕੇਟੀ ਰਮੀਜ ਨੂੰ 6-6 ਕਰੋੜ ਰੁਪਏ ਦਾ ਜ਼ੁਰਮਾਨਾ ਭਰਨ ਦੇ ਹੁਕਮ ਲਗਾਇਆ ਹੈ।
ਕਰੋੜਾਂ ਦਾ ਜ਼ੁਰਮਾਨਾ: ਇਸ ਤੋਂ ਇਲਾਵਾ ਯੂਏਈ ਵਪਾਰ ਦੂਤਾਵਾਸ ਦਾ ਸਾਬਕਾ ਮਹਾ ਵਪਾਰਕ ਦੂਤ ਜਮਾਲ ਹੁਸੈਨ ਅਲਜਾਬੀ ਅਤੇ ਸਾਬਕਾ ਐਡਮਿਨ ਅਤਾਸ਼ੇ ਰਾਸ਼ੀਦ ਖਾਮਿਸ ਅਲ ਅਸ਼ਮੇਈ ਨੂੰ ਵੀ 6-6 ਕਰੋੜ ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ। ਇਸ ਮਾਮਲੇ ਵਿੱਚ ਮੁੱਖ ਮੰਤਰੀ ਦੇ ਸਾਬਕਾ ਪ੍ਰਧਾਨ ਸਕੱਤਰ ਐਮ. ਸ਼ਿਵਸ਼ੰਕਰ ਨੂੰ 50 ਲੱਖ ਰੁਪਏ ਜ਼ੁਰਮਾਨਾ ਦੇਣਾ ਹੋਵੇਗਾ।ਤਿਰੂਵਨੰਤਪੁਰਮ ਸੋਨਾ ਤਸਕਰੀ ਕੇਸ ਵਿੱਚ 44 ਦੋਸ਼ੀਆਂ 'ਤੇ ਕੁੱਲ 66.65 ਕਰੋੜ ਰੁਪਏ ਜ਼ੁਰਮਾਨਾ ਲਾਇਆ ਗਿਆ ਹੈ।
ਕਿਸ-ਕਿਸ ਨੂੰ ਲੱਗਿਆ ਜ਼ੁਰਮਾਨਾ: ਕੈਪਟਨ ਏਜੰਸੀਆਂ ਨੂੰ 4 ਕਰੋੜ ਰੁਪਏ, ਫੈਸਲ ਫਰੀਦ, ਪੀ. ਮੁਹੰਮਦ ਸ਼ਫੀ, ਈ ਸੀਤਾਲਵੀ ਅਤੇ ਟੀਐਮ ਸਾਮਜੂ ਨੂੰ 2.5-2.5 ਕਰੋੜ ਰੁਪਏ ਅਤੇ ਸਵਪਨਾ ਦੇ ਪਤੀ ਐਸ ਜੈਸ਼ੰਕਰ ਅਤੇ ਰਾਬਿਨ ਸ਼ਮੀਦ ਨੂੰ 2-2 ਕਰੋੜ ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ।ਏ.ਐਮ. ਜਲਾਲ, ਪੀ.ਟੀ. ਅਬਦੁ, ਟੀ.ਐਮ. ਮੁਹੰਮਦ ਅਨਵਰ, ਪੀ.ਟੀ. ਅਹਿਮਦਕੂਟੀ ਅਤੇ ਮੁਹੰਮਦ ਮਸੂਰ 'ਤੇ 1. 5 ਕਰੋੜ ਰੁਪਏ ਅਤੇ ਮੁਹੰਮਦ ਸ਼ਮੀਮ 'ਤੇ 1 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ। ਹੋਰ ਦੋਸ਼ੀਆਂ 'ਤੇ 2-2 ਲੱਖ ਰੁਪਏ ਜ਼ੁਰਮਾਨਾ ਲਗਾਇਆ ਗਿਆ ਹੈ।
ਸੋਨਾ ਤਸਕਰੀ ਮਾਮਲਾ: ਟ੍ਰਿਬਿਊਨਲ ਦੇ ਹੁਕਮਾਂ ਨੂੰ ਹਾਈ ਕੋਰਟ ਵਿੱਚ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ। ਦੋਸ਼ੀਆਂ 'ਤੇ ਇਹ ਜ਼ੁਰਮਾਨਾ 30.245 ਕਿਲੋਗ੍ਰਾਮ ਮੁੱਲ ਦੀ ਸੋਨਾ ਤਸਕਰੀ ਦੇ ਮਾਮਲੇ 'ਚ ਕਸਟਮ ਵਿਭਾਗ ਵੱਲੋਂ ਲਗਾਇਆ ਗਿਆ ਹੈ। ਤਿਰੂਵਨੰਤਪੁਰਮ ਸੋਨਾ ਤਸਕਰੀ ਕੇਸ ਕੋਚੀ ਦੀ ਅਦਾਲਤ ਵਿਚ ਵਿਚਾਰਧੀਨ ਹੈ।