ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਪੰਜਾਬ ਫੇਰੀ ‘ਤੇ ਆਉਣਗੇ। ਉਹ ਗੁਰਦਾਸਪੁਰ ਜਾਣਗੇ ਤੇ ਉਥੇ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਸੇਖਵਾਂ ਵੱਲੋਂ ਹੁਣ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੇ ਆਸਾਰ ਹਨ। ਸੂਤਰ ਦੱਸਦੇ ਹਨ ਕਿ ਉਹ ‘ਆਪ‘ ਦੇ ਮੰਚ ਉਤੇ ਨਜਰ ਆਉਣਗੇ ਤੇ ਸੇਖਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪ ਪੰਜਾਬ ਆ ਰਹੇ ਹਨ ਤੇ ਸੇਖਵਾਂ ਨਾਲ ਮੁਲਾਕਾਤ ਕਰਨਗੇ। ਕੇਜਰੀਵਾਲ ਦੀ ਵੀਰਵਾਰ ਨੂੰ ਪੰਜਾਬ ਫੇਰੀ ਦੇ ਚਲਦਿਆਂ ਹੀ ਸੇਖਵਾਂ ਦੇ ‘ਆਪ‘ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਹਕੀਕਤ ਵਿੱਚ ਬਦਲਣ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ।
ਸੇਖਵਾਂ ਪੰਜਾਬ ਦੇ ਸਾਬਕਾ ਮੰਤਰੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਵਿੱਚ ਸੀਨੀਅਰ ਆਗੂ ਰਹੇ ਹਨ। ਉਨ੍ਹਾਂ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਤੋਂ ਵੱਖ ਹੋ ਕੇ ਨਵੇਂ ਬਣਾਏ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਏ ਸੀ ਪਰ ਸ.ਬ੍ਰਹਮਪੁਰਾ ਨਾਲ ਸੇਖਵਾਂ ਦਾ 36 ਦਾ ਅੰਕੜਾ ਸੀ ਤੇ ਜਿਸ ਦਿਨ ਬ੍ਰਹਮਪੁਰਾ ਨੇ ਢੀਂਡਸਾ ਦੇ ਅਕਾਲੀ ਦਲ ਵਿੱਚ ਰਲੇਵਾਂ ਕੀਤਾ, ਉਸੇ ਦਿਨ ਤੋਂ ਸੇਖਵਾਂ ਨੇ ਅਕਾਲੀ ਦਲ ਸੰਯੁਕਤ ਵਿੱਚ ਸਰਗਰਮੀਆਂ ਠੱਪ ਕਰ ਦਿੱਤੀਆਂ ਸੀ।
ਸੇਖਵਾਂ ਦੇ ਘਰ ਜਾ ਕੇ ਮਿਲਣਗੇ ਕੇਜਰੀਵਾਲ
ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਦੇਸ਼ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਕੇਜਰੀਵਾਲ ਵੀਰਵਾਰ ਨੂੰ ਪੰਜਾਬ ਆਉਣਗੇ ਅਤੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖ਼ਵਾਂ ਨੂੰ ਉਨ੍ਹਾਂ ਦੇ ਪਿੰਡ ਸੇਖ਼ਵਾਂ ਜ਼ਿਲ੍ਹਾ ਗੁਰਦਾਸਪੁਰ ਵਿਖ਼ੇ ਮਿਲਣਗੇ। ਹਾਲਾਂਕਿ ਸੇਖ਼ਵਾਂ ਦੇ ‘ਆਪ‘ ਵਿੱਚ ਸ਼ਮੂਲੀਅਤ ਬਾਰੇ ਚੱਡਾ ਨੇ ਕੁਝ ਨਹੀਂ ਕਿਹਾ ਪਰ ਚੱਡਾ ਦੇ ਟਵੀਟ ਦੇ ਮਾਇਨੇ ਇਹੋ ਲਏ ਜਾ ਰਹੇ ਹਨ ਕਿ ਸੇਖ਼ਵਾਂ ਵੀਰਵਾਰ ਨੂੰ ਕੇਜਰੀਵਾਲ ਦੀ ਹਾਜ਼ਰੀ ਵਿੱਚ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋ ਜਾਣਗੇ।