ਨਵੀਂ ਦਿੱਲੀ/ਚੰਡੀਗੜ : ਦਿੱਲੀ ਵਿੱਚ ਕਈ ਸਾਲਾਂ ਤੋਂ ਰੋਕੀ ਗਈ ਪੰਜਾਬ ਸਰਕਾਰ ਦੀ ਬੱਸ ਸਰਵਿਸ ਨੂੰ ਚਲਾਉਣ ਲਈ ਵੱਖ-ਵੱਖ ਸਮਿਆਂ ’ਤੇ ਲਿਖੇ ਕਈ ਪੱਤਰਾਂ ਦਾ ਜਾਣਬੁੱਝ ਕੇ ਜਵਾਬ ਨਾ ਦੇਣ ਦੇ ਰੋਸ ਵਜੋਂ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਲਾਇਆ। ਧਰਨੇ ਦੀ ਅਗਵਾਈ ਕਰਦਿਆਂ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਵੰਗਾਰਿਆ ਕਿ ਉਹ ਔਰਬਿਟ ਬੱਸਾਂ ਨੂੰ ਦਿੱਲੀ ਭਰ ’ਚ ਚੱਲਣ ਦੀ ਇਜਾਜ਼ਤ ਦੇਣ ਲਈ ਬਾਦਲਾਂ ਨਾਲ ਕੀਤੀ ਗੰਢਤੁੱਪ ਅਤੇ ਪੀ.ਆਰ.ਟੀ.ਸੀ. ਨੂੰ ਰੋਕੇ ਜਾਣ ਬਾਰੇ ਸਥਿਤੀ ਸਪੱਸ਼ਟ ਕਰਨ।
ਰਾਜਾ ਵੜਿੰਗ ਨੇ ਕੇਜਰੀਵਾਲ ’ਤੇ ਵਰਦਿਆਂ ਉਸ ਨੂੰ ਆਦਤ ਤੋਂ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਸਟੇਟ ਟਰਾਂਸਪੋਰਟ ਅੰਡਰਟੇਕਿੰਗ (ਐਸ.ਟੀ.ਯੂ.) ਦੀਆਂ ਵਾਲਵੋ ਬੱਸਾਂ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਜਾਣ ਤੋਂ ਰੋਕਣ ਤੇ ਉਨਾਂ ਨੂੰ ਸਿਰਫ਼ ਆਈ.ਐਸ.ਬੀ.ਟੀ. ਤੱਕ ਮਹਿਦੂਦ ਕਰਨ ਅਤੇ ਇਸ ਦੇ ਉਲਟ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਹਰ ਤਰਾਂ ਦੀ ਇਜਾਜ਼ਤ ਦੇ ਕੇ ਜਿਥੇ ਕੇਜਰੀਵਾਲ ਦਾ ਦੋਗਲਾ ਕਿਰਦਾਰ ਸਾਹਮਣੇ ਆਇਆ ਹੈ, ਉਥੇ ਉਸ ਦੇ ਝੂਠ ਦਾ ਪਰਦਾਫ਼ਾਸ਼ ਹੋ ਗਿਆ ਹੈ ਜਿਸ ਵਿੱਚ ਉਸ ਨੇ ਪੰਜਾਬ ’ਚ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ਦੀ ਗੱਲ ਕਹੀ ਹੈ।
ਦਿੱਲੀ ਵਿਖੇ ਮੁੱਖ ਮੰਤਰੀ ਕੇਜਰੀਵਾਲ ਦੇ ਨਿਵਾਸ ਦੇ ਬਾਹਰ ਸਵੇਰ ਵੇਲੇ ਪਹੁੰਚੇ ਰਾਜਾ ਵੜਿੰਗ ਨੇ ਇਸ ਨਾਜ਼ੁਕ ਮੁੱਦੇ ’ਤੇ ਗੱਲ ਕਰਦਿਆਂ ਕਿਹਾ, “ਕੇਜਰੀਵਾਲ ਪੰਜਾਬ ਨੂੰ ਲੁੱਟਣ ਵਾਲੇ ਟਰਾਂਸਪੋਰਟ ਮਾਫ਼ੀਆ ਦਾ ਹਿੱਸਾ ਹੈ।’’ ਉਨਾਂ ਕਿਹਾ ਕਿ ਇਹ ਪਤਾ ਲੱਗਣ ’ਤੇ ਕਿ ਮੈਂ ਇੱਥੇ ਆ ਰਿਹਾ ਹਾਂ, ਕੇਜਰੀਵਾਲ ਸੁਵਖਤੇ ਹੀ ਭੱਜ ਨਿਕਲਿਆ ਜਦਕਿ ਉਸ ਦਾ ਸਟਾਫ਼ ਉਸ ਦੀ ਮੌਜੂਦਗੀ ਬਾਰੇ ਝੂਠ ਬੋਲਦਾ ਰਿਹਾ। ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਯਕੀਨ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਜਾਣ ਤੋਂ ਪਹਿਲਾਂ ਉਨਾਂ ਨੂੰ ਜ਼ਰੂਰ ਮਿਲਣਗੇ, ਜਿਥੇ ਜਾ ਕੇ ਉਹ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ਲਈ ਕਈ ਨਵੀਆਂ ‘ਗਾਰੰਟੀਆਂ’ ਪੇਸ਼ ਕਰਨਗੇ।
ਇਹ ਵੀ ਪੜ੍ਹੋ :ਪੁਲਿਸ ਅਧਿਕਾਰੀਆਂ ਦੇ ਕੰਮ 'ਚ ਸਿਆਸੀ ਦਖ਼ਲਅੰਦਾਜ਼ੀ ਬੰਦ ਕਰਾਂਗੇ: ਅਰਵਿੰਦ ਕੇਜਰੀਵਾਲ