ਬੈਂਗਲੁਰੂ: ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਦਾ ਅੱਜ 61ਵਾਂ ਜਨਮ ਦਿਨ ਹੈ। ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਸਮਰਥਕਾਂ ਦਾ ਇਕੱਠ ਸੀ। ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਡੀਕੇ ਸ਼ਿਵਕੁਮਾਰ ਨੂੰ ਵਧਾਈ ਦੇਣ ਲਈ ਕਈ ਕਾਂਗਰਸੀ ਸਮਰਥਕ ਕੇਕ ਲੈ ਕੇ ਘੰਟਿਆਂਬੱਧੀ ਉਡੀਕ ਕਰਦੇ ਰਹੇ, ਪਰ ਜਿਵੇਂ ਹੀ ਸ਼ਿਵਕੁਮਾਰ ਬੈਂਗਲੁਰੂ ਦੇ ਸ਼ਾਗਰੀ-ਲਾ ਹੋਟਲ 'ਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਲਈ ਰਵਾਨਾ ਹੋਏ ਤਾਂ ਉਨ੍ਹਾਂ ਨੂੰ ਸਮਰਥਕਾਂ ਨੇ ਘੇਰ ਲਿਆ ਅਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।
ਦਿੱਲੀ ਜਾਣ ਬਾਰੇ ਹਾਲੇ ਕੋਈ ਫੈਸਲਾ ਨਹੀਂ :ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਦੋਂ ਕੇਪੀਸੀਸੀ ਦੇ ਮੁਖੀ ਡੀਕੇ ਸ਼ਿਵਕੁਮਾਰ ਨੂੰ ਉਨ੍ਹਾਂ ਦੇ ਦਿੱਲੀ ਦੌਰੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਗਿਆ ਹੈ ਕਿ ਦਿੱਲੀ ਜਾਣਾ ਹੈ ਜਾਂ ਨਹੀਂ।' ਦੱਖਣੀ ਸੂਬੇ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਜਨਤਾ ਦੀਆਂ ਨਜ਼ਰਾਂ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਟਿਕੀਆਂ ਹੋਈਆਂ ਹਨ, ਜਿਸ ਦੇ ਦਾਅਵੇਦਾਰ ਕੇਪੀਸੀਸੀ ਮੁਖੀ ਡੀਕੇ ਸ਼ਿਵਕੁਮਾਰ ਅਤੇ ਸੀਨੀਅਰ ਨੇਤਾ ਸਿੱਧਰਮਈਆ ਹਨ। ਕਾਂਗਰਸੀ ਆਗੂ ਅਤੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਕਰਨਾਟਕ ਦੇ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਐਤਵਾਰ ਦੇਰ ਰਾਤ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਜ਼ਿਆਦਾ ਸਮਾਂ ਨਹੀਂ ਲੈਣਗੇ ਅਤੇ ਜਲਦੀ ਹੀ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰਨਗੇ।