ਕਰਨਾਲ: ਦੇਸ਼ ਦਾ ਅੰਨਦਾਤਾ 9 ਮਹੀਨਿਆਂ ਤੋਂ ਲਗਾਤਾਰ ਦਿੱਲੀ ਦੀਆਂ ਬਰੂਹਾਂ 'ਤੇ ਡੇਰੇ ਲਾਈ ਬੈਠਾ ਹੈ ਪਰ ਮਸਲੇ ਦਾ ਹੱਲ ਨਹੀਂ ਨਿੱਕਲ ਰਿਹਾ ਬੀਤੇ ਦਿਨੀਂ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ। ਮਹਾਪੰਚਾਇਤ ’ਚ ਪਹੁੰਚਣ ਲਈ ਸਵੇਰੇ ਦਸ ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਕਰੀਬ ਸਵਾ ਘੰਟੇ ਬਾਅਦ 11.15 ਵਜੇ ਮਹਾਪੰਚਾਇਤ ਸ਼ੁਰੂ ਹੋਈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੀ ਪਹੁੰਚੇ। ਮਹਾਪੰਚਾਇਤ ’ਚ ਗੁਰਨਾਮ ਸਿੰਘ ਚੜੂਨੀ ਤੋਂ ਇਲਾਵਾ ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ਵੀ ਪਹੁੰਚੇ ।
ਕਿਸਾਨਾਂ ਵੱਲੋਂ ਕਰਨਾਲ ਮਹਾਪੰਚਾਇਤ ਦੇ ਸੱਦੇ ਨੂੰ ਭਰਵਾਂ ਹੁੁੰਗਾਰਾ ਮਿਲਿਆ ਹੈ। ਦਿਨ ਚੜ੍ਹਦੇ ਹੀ ਵੱਡੀ ਗਿਣਤੀ ਕਿਸਾਨਾਂ ਨੇ ਕਰਨਾਲ ਵੱਲ ਨੂੰ ਚਾਲੇ ਪਾ ਲਏ। ਹਜ਼ਾਰਾਂ ਦੀ ਗਿਣਤੀ ਚ ਕਿਸਾਨ ਕਰਨਾਲ ਦੀ ਆਨਾਜ ਮੰਡੀ ਵਿਚ ਇਕੱਠੇ ਹੋ ਗਏ।
ਕਿਸਾਨਾਂ ਦੀ ਵਧਦੀ ਗਿਣਤੀ ਨੂੰ ਵੇਖ ਪ੍ਰਸ਼ਾਸਨ ਵੀ ਨਰਮ ਪੈ ਗਿਆ ਹੈ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਲੋਕਾਂ ਦਾ ਇਕੱਠ ਵੇਖ ਪ੍ਰਸ਼ਾਸਨ ਨੇ ਆਨਾਜ ਮੰਡੀ ਤੇ ਸ਼ਹਿਰ ਨੇੜੇ ਲਾਈਆਂ ਰੋਕਾਂ ਹਟਾ ਦਿੱਤੀਆਂ ਹਨ ਹਾਲਾਂਕਿ ਮਿੰਨੀ ਸਕੱਤਰੇਤ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ। ਕਿਸਾਨਾਂ ਦਾ ਜੋਸ਼ ਵੇਖ ਪ੍ਰਸ਼ਾਸਨ ਨੇ ਮੁੜ ਗੱਲਬਾਤ ਦਾ ਸੱਦਾ ਦਿੱਤਾ ਸੀ।
ਜਿਸਨੂੰ ਲੈ ਕੇ ਕਿਸਾਨਾਂ ਨੇ ਇਕ ਕਮੇਟੀ ਬਣਾਈ ਜਿਸਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ਼ਬਾਤ ਕੀਤੀ। ਉਧਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਕਿਸਾਨਾਂ ਦੀ ਵੱਡੀ ਗਿਣਤੀ ਵੇਖ ਸਰਕਾਰ ਘਾਬਰ ਗਈ ਹੈ ਤੇ ਉਸ ਨੇ ਰਾਤ ਸਮੇਂ ਕੀਤੀਆਂ ਰੋਕਾਂ ਹਟਾ ਲਈਆਂ ਹਨ।
ਕਰਨਾਲ ਪ੍ਰਸ਼ਾਸਨ ਦੁਆਰਾ ਮੀਟਿੰਗ ਦੀ ਪੇਸ਼ਕਸ਼ ’ਤੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਰਾਕੇਸ਼ ਟਿਕੈਤ, ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਡਾ. ਦਰਸ਼ਨਪਾਲ, ਰਾਮ ਪਾਲ ਚਹਿਲ, ਅਜੈ ਰਾਣਾ, ਸੁਖਵਿੰਦਰ ਸਿੰਘ, ਵਿਕਾਸ ਸਿਸਰ, ਯੋਗੇਂਦਰ ਯਾਦਵ, ਕਾਮਰੇਡ ਇੰਦਰਜੀਤ ਸਿੰਘ, ਸੁਰੇਸ਼ ਗੋਤ ਨੂੰ ਕਮੇਟੀ ’ਚ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿਸਾਨਾਂ ਦੀ ਪ੍ਰਸਾਸ਼ਨ ਨਾਲ 3 ਗੇੜ ਦੀ ਮੀਟਿੰਗ ਹੋਈ ਪਰ ਕੋਈ ਸਿੱਟਾ ਨਹੀਂ ਨਿੱਕਲਿਆ ਕਿਸਾਨਾਂ ਨੇ ਉਸ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ, ਜਿਸ ਨੇ 28 ਅਗਸਤ ਨੂੰ ਕਿਸਾਨਾਂ ਖ਼ਿਲਾਫ਼ ਲਾਠੀਚਾਰਜ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਇਲਾਵਾ ਲਾਠੀਚਾਰਜ ਕਾਰਨ ਮਾਰੇ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਤੇ ਹੋਰ ਜ਼ਖ਼ਮੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।