ਚੰਡੀਗੜ੍ਹ:ਹਰਿਆਣਾ ਦੇ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਖੇਡ ਵਿਭਾਗ ਨੇ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਖੇਡ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਨੇ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ। ਮਹਿਲਾ ਕੋਚ ਨੂੰ ਕਿਉਂ ਮੁਅੱਤਲ ਕੀਤਾ ਗਿਆ ਹੈ, ਇਸ ਬਾਰੇ ਅਜੇ ਸਪੱਸ਼ਟ ਨਹੀਂ ਹੋਇਆ ਹੈ।
ਮਹਿਲਾ ਕੋਚ ਨੇ ਲਾਏ ਸੀ ਮੰਤਰੀ 'ਤੇ ਛੇੜਛਾੜ ਦੇ ਦੋਸ਼:ਦੱਸ ਦੇਈਏ ਕਿ ਪਿਛਲੇ ਸਾਲ 26 ਦਸੰਬਰ ਨੂੰ ਜੂਨੀਅਰ ਮਹਿਲਾ ਕੋਚ ਨੇ ਹਰਿਆਣਾ ਦੇ ਤਤਕਾਲੀ ਖੇਡ ਮੰਤਰੀ ਸਰਦਾਰ ਸੰਦੀਪ ਸਿੰਘ ਉੱਤੇ ਛੇੜਛਾੜ ਦਾ ਦੋਸ਼ ਲਗਾਇਆ ਸੀ। ਤਿੰਨ ਦਿਨਾਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ 31 ਦਸੰਬਰ ਨੂੰ ਮੰਤਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਚੰਡੀਗੜ੍ਹ ਪੁਲਿਸ ਕੇਸ ਦਰਜ ਹੋਣ ਦੇ ਸੱਤ ਮਹੀਨੇ ਬਾਅਦ ਵੀ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ ਨਹੀਂ ਕਰ ਸਕੀ ਹੈ।
ਤਤਕਾਲ ਮੁਅੱਤਲ ਕਰਨ ਦੇ ਹੁਕਮ:ਖੇਡ ਵਿਭਾਗ ਵਲੋਂ ਜਾਰੀ ਹੁਕਮਾਂ 'ਚ ਮਹਿਲਾ ਕੋਚ ਨੂੰ ਤਤਕਾਲ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ ਹਨ। ਜਿਸ 'ਚ ਲਿਖਿਆ ਗਿਆ ਕਿ ਇਸ ਮੁਅੱਤਲੀ ਦੌਰਾਨ ਜੂਨੀਅਰ ਮਹਿਲਾ ਕੋਚ ਦਾ ਰਿਪੋਰਟਿੰਗ ਹੈਡ ਕੁਆਰਟਰ ਜ਼ਿਲ੍ਹਾ ਖੇਡ ਦਫ਼ਤਰ ਪੰਚਕੂਲਾ ਨਿਯੁਕਤ ਕੀਤਾ ਗਿਆ ਹੈ।
ਮੰਤਰੀ ਸੰਦੀਪ ਸਿੰਘ 'ਤੇ ਇਲਜ਼ਾਮ ਲਾਉਣ ਵਾਲੀ ਮਹਿਲਾ ਕੋਚ ਮੁਅੱਤਲ ਇਹ ਹੈ ਮਾਮਲਾ: ਹਰਿਆਣਾ ਦੀ ਇਕ ਜੂਨੀਅਰ ਮਹਿਲਾ ਕੋਚ ਨੇ ਹਰਿਆਣਾ ਦੇ ਤਤਕਾਲੀ ਖੇਡ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। 30 ਦਸੰਬਰ 2022 ਨੂੰ ਮਹਿਲਾ ਕੋਚ ਨੇ ਮੰਤਰੀ ਸੰਦੀਪ ਸਿੰਘ ਦੇ ਖਿਲਾਫ ਚੰਡੀਗੜ੍ਹ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਸੀ। ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਹਰਿਆਣਾ ਦੀ ਸਿਆਸਤ 'ਚ ਹੰਗਾਮਾ ਹੋ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਦੀਪ ਸਿੰਘ ਨੇ ਖੁਦ ਆਪਣਾ ਖੇਡ ਮੰਤਰਾਲੇ ਦਾ ਵਿਭਾਗ ਮੁੱਖ ਮੰਤਰੀ ਮਨੋਹਰ ਲਾਲ ਨੂੰ ਸੌਂਪ ਦਿੱਤਾ ਸੀ। ਹਾਲਾਂਕਿ ਸੰਦੀਪ ਸਿੰਘ ਅਜੇ ਵੀ ਮੰਤਰੀ ਬਣੇ ਹੋਏ ਹਨ।