ਜੋਧਪੁਰ/ਰਾਜਸਥਾਨ :ਅਸ਼ੋਕ ਗਹਿਲੋਤ ਨੇ ਜ਼ਿਲ੍ਹੇ ਦੀ ਸਰਦਾਰਪੁਰਾ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ ਹੈ। ਉਨ੍ਹਾਂ ਨੇ ਭਾਜਪਾ ਦੇ ਮਹਿੰਦਰ ਸਿੰਘ ਰਾਠੌਰ ਨੂੰ 25888 ਵੋਟਾਂ ਨਾਲ ਹਰਾਇਆ। ਇੱਥੇ ਗਹਿਲੋਤ ਨੂੰ 95409 ਵੋਟਾਂ ਮਿਲੀਆਂ, ਜਦਕਿ ਭਾਜਪਾ ਉਮੀਦਵਾਰ ਨੂੰ 69521 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਸਰਦਾਰਪੁਰਾ ਸੀਟ ਸਭ ਤੋਂ ਗਰਮ ਸੀਟਾਂ ਵਿੱਚੋਂ ਇੱਕ ਸੀ, ਕਿਉਂਕਿ ਉੱਘੇ ਕਾਂਗਰਸੀ ਨੇਤਾ ਅਤੇ ਸੀਐਮ ਅਸ਼ੋਕ ਗਹਿਲੋਤ ਇੱਥੋਂ ਚੋਣ ਮੈਦਾਨ ਵਿੱਚ ਸਨ। ਗਹਿਲੋਤ ਨੇ ਇੱਥੋਂ ਲਗਾਤਾਰ 6ਵੀਂ ਵਾਰ ਚੋਣ ਜਿੱਤੀ ਹੈ। ਉਨ੍ਹਾਂ ਨੇ 1977 'ਚ ਪਹਿਲੀ ਵਾਰ ਇੱਥੋਂ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ, ਉਦੋਂ ਤੋਂ ਉਹ ਲਗਾਤਾਰ ਇਸ ਸੀਟ 'ਤੇ ਦਾਅਵਾ ਕਰਦੇ ਆ ਰਹੇ ਹਨ।
ਦੱਸ ਦੇਈਏ ਕਿ ਸਾਲ 1998 ਵਿੱਚ ਕਾਂਗਰਸ ਨੇਤਾ ਮਾਨਸਿੰਘ ਦੇਵੜਾ ਨੇ ਅਸ਼ੋਕ ਗਹਿਲੋਤ ਲਈ ਇਹ ਸੀਟ ਛੱਡ ਦਿੱਤੀ ਸੀ। ਦੇਵੜਾ ਦੇ ਅਸਤੀਫੇ ਤੋਂ ਬਾਅਦ ਗਹਿਲੋਤ ਇੱਥੇ ਹੋਈ ਉਪ ਚੋਣ ਜਿੱਤ ਗਏ ਅਤੇ ਪਹਿਲੀ ਵਾਰ ਵਿਧਾਇਕ ਬਣੇ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। 1998 ਦੀ ਉਪ ਚੋਣ ਤੋਂ ਬਾਅਦ ਗਹਿਲੋਤ ਸਰਦਾਰਪੁਰਾ ਸੀਟ ਤੋਂ ਲਗਾਤਾਰ ਛੇਵੀਂ ਵਾਰ ਵਿਧਾਇਕ ਬਣੇ ਹਨ।
ਅਸ਼ੋਕ ਗਹਿਲੋਤ ਦਾ ਚੁਣਾਵੀ ਸਫ਼ਰਨਾਮਾ-
- 1999: 49,280 ਵੋਟਾਂ ਨਾਲ ਮੇਘਰਾਜ ਲੋਹੀਆ ਨੂੰ ਹਰਾਇਆ (ਉਪ-ਚੋਣ)
- 2003: 18,991 ਵੋਟਾਂ ਨਾਲ ਮਹੇਂਦਰ ਝਾਬਕ ਨੂੰ ਹਰਾਇਆ।
- 2008: 15, 340 ਵੋਟਾਂ ਨਾਲ ਰਾਜੇਂਦਰ ਗਹਿਲੋਤ ਨੂੰ ਹਰਾਇਆ।
- 2013: 18,484 ਵੋਟਾਂ ਨਾਲ ਸ਼ੰਭੂ ਸਿੰਘ ਖੇਤਾਸਾਰ ਨੂੰ ਹਰਾਇਆ।
- 2018: 45,597 ਵੋਟਾਂ ਨਾਲ ਮੁੜ ਸ਼ੰਭੂ ਸਿੰਘ ਖੇਤਾਸਾਰ ਨੂੰ ਹਰਾਇਆ।
- 2023: 25, 888 ਵੋਟਾਂ ਨਾਲ ਭਾਜਪਾ ਦੇ ਮਹਿੰਦਰ ਸਿੰਘ ਰਾਠੌਰ ਨੂੰ ਹਰਾਇਆ।
ਇਸ ਵਾਰ ਭਾਜਪਾ ਨੇ ਗਹਿਲੋਤ ਦੇ ਸਾਹਮਣੇ ਪ੍ਰੋ. ਮਹਿੰਦਰ ਸਿੰਘ ਰਾਠੌਰ ਨੂੰ ਮੈਦਾਨ 'ਚ ਉਤਾਰਿਆ ਗਿਆ ਸੀ, ਜੋ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਕਰੀਬੀ ਮੰਨੇ ਜਾਂਦੇ ਹਨ, ਪਰ ਉਹ ਇੱਥੇ ਜ਼ਿਆਦਾ ਕਾਰਗਰ ਸਾਬਤ ਨਹੀਂ ਹੋਏ ਅਤੇ ਆਖਰਕਾਰ ਉਨ੍ਹਾਂ ਨੂੰ ਸੀਐੱਮ ਗਹਿਲੋਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਜੇ ਨੇ 53193 ਵੋਟਾਂ ਨਾਲ ਜਿੱਤੀ ਚੋਣ:ਵਸੁੰਧਰਾ ਰਾਜੇ ਨੇ ਕਾਂਗਰਸ ਉਮੀਦਵਾਰ ਰਾਮਲਾਲ ਚੌਹਾਨ ਨੂੰ ਲਗਭਗ 53,193 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਪੋਸਟਲ ਬੈਲਟ ਦੀ ਗਿਣਤੀ ਤੋਂ ਬਾਅਦ ਰਾਜੇ ਲਗਾਤਾਰ ਅੱਗੇ ਚੱਲ ਰਹੇ ਸਨ, ਜੋ ਆਖਰੀ ਪੜਾਅ ਤੱਕ ਜਾਰੀ ਰਹੀ। ਇੱਥੇ ਝਾਲਾਵਾੜ ਜ਼ਿਲ੍ਹੇ ਦੀਆਂ ਹੋਰ ਸੀਟਾਂ 'ਤੇ ਵੀ ਵਸੁੰਧਰਾ ਰਾਜੇ ਦਾ ਪ੍ਰਭਾਵ ਸਾਫ਼ ਨਜ਼ਰ ਆ ਰਿਹਾ ਸੀ। ਭਾਜਪਾ ਉਮੀਦਵਾਰ ਗੋਵਿੰਦ ਰਾਣੀਪੁਰੀਆ ਅਤੇ ਕਾਲੂਰਾਮ ਮੇਘਵਾਲ ਵੀ ਮਨੋਹਰਥਾਨਾ ਅਤੇ ਦਾਗ ਸੀਟਾਂ ਤੋਂ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ।