ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਦਾ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਪ੍ਰਦਰਸ਼ਨ ਲਗਪਗ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਹੈ, ਅਤੇ ਇਸ ਪ੍ਰਦਰਸ਼ਨ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਸ਼ਿਰਕਤ ਕੀਤੀ।
ਕੇਂਦਰ ਸਰਕਾਰ ਮਹਾਂਮਾਰੀ ਦਾ ਬਹਾਨਾ ਬਣਾ ਕੇ ਸੰਸਦ ਦਾ ਸੈਸ਼ਨ ਬੁਲਾਉਣ ਤੋਂ ਕਤਰਾ ਰਹੀ: ਜਸਬੀਰ ਸਿੰਘ ਡਿੰਪਾ ਖਡੂਰ ਸਾਹਿਬ ਤੋਂ ਸਾਂਸਦ ਜਸਬੀਰ ਸਿੰਘ ਗਿੱਲ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਮਹਾਂਮਾਰੀ ਦਾ ਬਹਾਨਾ ਬਣਾ ਕੇ ਸੰਸਦ ਦਾ ਸੈਸ਼ਨ ਬੁਲਾਉਣ ਤੋਂ ਕਤਰਾ ਰਹੀ ਹੈ। ਹੁਣ ਤੱਕ ਇਸ ਵਿਰੋਧ ਪ੍ਰਦਰਸ਼ਨ ਵਿੱਚ 20 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਕਦੇ ਗੁਜਰਾਤ ਅਤੇ ਕਦੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਵਾਰਤਾਲਾਪ ਕਰਦੇ ਹਨ, ਪਰ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ 'ਤੇ ਬੈਠੇ ਪੰਜਾਬ ਦੇ ਕਿਸਾਨ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਹੇ।
ਕੇਂਦਰ ਸਰਕਾਰ ਮਹਾਂਮਾਰੀ ਦਾ ਬਹਾਨਾ ਬਣਾ ਕੇ ਸੰਸਦ ਦਾ ਸੈਸ਼ਨ ਬੁਲਾਉਣ ਤੋਂ ਕਤਰਾ ਰਹੀ: ਜਸਬੀਰ ਸਿੰਘ ਡਿੰਪਾ ਕੇਂਦਰ ਸਰਕਾਰ ਦੇ ਆਗੂ ਬੰਗਾਲ ਵਿੱਚ ਰੈਲੀਆਂ ਕਰਦੇ ਹਨ, ਹੈਦਰਾਬਾਦ ਵਿੱਚ ਰੋਡ ਸ਼ੋਅ ਕਰਦੇ ਹਨ, ਬਿਹਾਰ ਵਿੱਚ ਚੋਣਾਂ ਤੋਂ ਪਹਿਲਾਂ ਰੈਲੀਆਂ ਹੁੰਦੀਆਂ ਹਨ ਪਰ ਸੰਸਦ ਦੇ ਮੌਕੇ ਮਹਾਂਮਾਰੀ ਦਾ ਬਹਾਨਾ ਬਣਾ ਦਿੱਤਾ ਜਾਂਦਾ ਹੈ। ਕੀ ਰੈਲੀਆਂ ਅਤੇ ਰੋਡ ਸ਼ੋਅ ਵੇਲੇ ਕੋਰੋਨਾ ਨਹੀਂ ਹੁੰਦਾ? ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ 'ਤੇ ਬੈਠੇ ਪੰਜ ਲੱਖ ਤੋਂ ਵੱਧ ਕਿਸਾਨ ਸਰਕਾਰ ਨੂੰ ਕਿਉਂ ਨਜ਼ਰ ਨਹੀਂ ਆ ਰਹੇ? ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਇਹ ਪ੍ਰਦਰਸ਼ਨ ਕਿਸਾਨਾਂ ਦੇ ਲਈ ਹੈ ਅਤੇ ਉਨ੍ਹਾਂ ਨੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਧਰਨੇ ਪ੍ਰਦਰਸ਼ਨ ਵਿੱਚ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਮੌਜੂਦ ਹਨ ਅਤੇ ਚਾਰ ਦਿਨਾਂ ਦੀ ਭੁੱਖ ਹੜਤਾਲ 'ਤੇ ਹਨ। ਜ਼ੀਰਾ ਨੇ ਕਿਹਾ ਕਿ ਜੇਕਰ ਸਰਕਾਰ ਜ਼ਿੱਦੀ ਹੈ ਤਾਂ ਕਿਸਾਨਾਂ ਦੇ ਲਈ ਪੰਜਾਬ ਦੇ ਆਗੂ ਵੀ ਜ਼ਿੱਦੀ ਹਨ। ਜ਼ਿਕਰਯੋਗ ਹੈ ਕਿ ਇਸ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਧਾਇਕਾਂ ਨੂੰ ਇੱਕ ਚਿੱਠੀ ਵੀ ਜਾਰੀ ਕੀਤੀ ਹੈ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਹੋਰ ਆਗੂ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ।
ਹੁਣ ਤੱਕ ਇਸ ਪ੍ਰਦਰਸ਼ਨ ਵਿੱਚ ਉੜੀਸਾ ਤੋਂ ਸਾਂਸਦ ਸਪਤ ਗਿਰੀ ਉਲਕਾ ਹਰਿਆਣਾ ਤੋਂ ਸਾਂਸਦ ਦੀਪੇਂਦਰ ਹੁੱਡਾ ਛੱਤੀਸਗੜ੍ਹ ਤੋਂ ਸਾਂਸਦ ਕੇਟੀਐਸ ਤੁਲਸੀ, ਸ਼ਸ਼ੀ ਥਰੂਰ, ਹਰੀਸ਼ ਰਾਵਤ, ਸੁਨੀਲ ਜਾਖੜ ਅਤੇ ਪੁਡੂਚੇਰੀ ਦੇ ਸਾਬਕਾ ਮੁੱਖ ਮੰਤਰੀ ਵੀ ਸ਼ਾਮਿਲ ਹੋ ਚੁੱਕੇ ਹਨ। ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਪ੍ਰਨੀਤ ਕੌਰ, ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ, ਡਾ ਅਮਰ ਸਿੰਘ, ਮਨੀਸ਼ ਤਿਵਾੜੀ, ਜਸਬੀਰ ਸਿੰਘ ਗਿੱਲ ਆਦਿ ਸ਼ਾਮਿਲ ਹੋ ਚੁੱਕੇ ਹਨ। ਮਹਿਲਾ ਕਾਂਗਰਸ ਅਤੇ ਯੂਥ ਕਾਂਗਰਸ ਦੇ ਆਗੂ ਵੀ ਇਸ ਪ੍ਰਦਰਸ਼ਨ ਦਾ ਹਿੱਸਾ ਬਣ ਚੁੱਕੇ ਹਨ।