ਨਵੀਂ ਦਿੱਲੀ:ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੋ ਦਿਨਾਂ ਦੌਰੇ 'ਤੇ ਭਾਰਤ ਪਹੁੰਚ ਗਏ ਹਨ। ਕਿਸ਼ਿਦਾ ਦਾ ਦਿੱਲੀ ਹਵਾਈ ਅੱਡੇ 'ਤੇ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸਵਾਗਤ ਕੀਤਾ। ਇਸ ਦੌਰਾਨ ਕਿਸ਼ਿਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਜਾਪਾਨ ਦੀ ਇੰਡੋ-ਪੈਸੀਫਿਕ ਰਣਨੀਤੀ ਅਤੇ ਉਸ ਦੀ ਨਵੀਂ ਰੱਖਿਆ ਸਥਿਤੀ 'ਤੇ ਚਰਚਾ ਕਰਨਗੇ। ਦੱਸ ਦਈਏ ਕਿ ਪੰਦਰਾਂ ਸਾਲ ਪਹਿਲਾਂ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਆਪਣੀ ਦਿੱਲੀ ਫੇਰੀ ਦੌਰਾਨ ਪਹਿਲੀ ਵਾਰ ਇੰਡੋ-ਪੈਸੀਫਿਕ ਸਹਿਯੋਗ ਦੀ ਗੱਲ ਕੀਤੀ ਸੀ।
ਦੋਵੇਂ ਪ੍ਰਧਾਨ ਮੰਤਰੀ ਦਿੱਲੀ ਦੇ ਬੁੱਧ ਜੈਅੰਤੀ ਪਾਰਕ ਵਿੱਚ ਇਕੱਠੇ ਪੈਦਲ ਚੱਲ ਕੇ ਬਾਲ ਬੋਧੀ ਦਰੱਖਤ ਦੇ ਦਰਸ਼ਨ ਕਰਨਗੇ। ਜੋ ਕਿ ਗੌਤਮ ਬੁੱਧ ਦੇ ਸਮੇਂ ਦੀਆਂ ਡੂੰਘੀਆਂ ਜੜ੍ਹਾਂ ਵਾਲਾ ਇੱਕ ਸਤਿਕਾਰਯੋਗ ਰੁੱਖ ਹੈ। ਭਾਰਤ ਅਤੇ ਜਾਪਾਨ ਦੇ ਸਬੰਧਾਂ ਨੂੰ 2000 ਵਿੱਚ 'ਗਲੋਬਲ ਪਾਰਟਨਰਸ਼ਿਪ', 2006 ਵਿੱਚ 'ਰਣਨੀਤਕ ਅਤੇ ਗਲੋਬਲ ਪਾਰਟਨਰਸ਼ਿਪ' ਅਤੇ 2014 ਵਿੱਚ 'ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਪਾਰਟਨਰਸ਼ਿਪ' ਤੱਕ ਉੱਚਾ ਕੀਤਾ ਗਿਆ ਸੀ।
ਦੋਵੇਂ ਦੇਸ਼ਾਂ ਨੇ 2006 ਤੋਂ ਲਗਾਤਾਰ ਸਾਲਾਨਾ ਸਿਖਰ ਸੰਮੇਲਨ ਕਰਵਾਏ ਹਨ। ਆਖਰੀ ਸਿਖਰ ਸੰਮੇਲਨ ਸਾਲ 2022 ਵਿੱਚ ਨਵੀਂ ਦਿੱਲੀ ਵਿੱਚ ਹੋਇਆ ਸੀ। ਜਾਪਾਨੀ ਪ੍ਰਧਾਨ ਮੰਤਰੀ ਆਪਣੇ ਭਾਰਤੀ ਹਮਰੁਤਬਾ ਨਾਲ ਸਾਂਝਾ ਬਿਆਨ ਦੇਣਗੇ। ਕਿਸ਼ਿਦਾ ਨੇ ਟਵੀਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ 10 ਮਾਰਚ ਨੂੰ ਦੱਸਿਆ ਸੀ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਦੁਵੱਲੇ ਅਤੇ ਖੇਤਰੀ ਮੁੱਦਿਆਂ 'ਤੇ ਗੱਲਬਾਤ ਕਰਨਗੇ।