ਸ਼੍ਰੀਨਗਰ:ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਨਾਲ ਫੌਜ ਦਾ ਮੁਕਾਬਲਾ ਸ਼ੁਰੂ ਹੋ ਗਿਆ ਹੈ। ਮੌਕੇ 'ਤੇ ਦੋ ਤੋਂ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ ਅਤੇ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ। ਫੌਜ ਨੂੰ ਅਜਿਹੇ ਇਨਪੁਟ ਮਿਲੇ ਸਨ ਕਿ ਕੁਲਗਾਮ ਦੇ ਹਦੀਗਾਮ ਇਲਾਕੇ 'ਚ ਅੱਤਵਾਦੀ ਲੁਕੇ ਹੋਏ ਹਨ। ਉਸੇ ਇਨਪੁਟ ਦੇ ਆਧਾਰ 'ਤੇ ਫੌਜ ਦੀ ਟੁਕੜੀ ਉਥੇ ਪਹੁੰਚੀ ਅਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ। ਫੌਜ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਅੱਤਵਾਦੀਆਂ ਨੂੰ ਭੱਜਣ ਨਾ ਦਿੱਤਾ ਜਾਵੇ। ਇਸ ਕਾਰਨ ਪੂਰੇ ਇਲਾਕੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਗਿਆ ਹੈ। ਅੱਤਵਾਦੀ ਕਿਸ ਸੰਗਠਨ ਨਾਲ ਸਬੰਧਤ ਹਨ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਫੌਜ ਉਨ੍ਹਾਂ ਨੂੰ ਜ਼ਿੰਦਾ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਨ੍ਹਾਂ ਤੋਂ ਹੋਰ ਭੇਦ ਪਤਾ ਲੱਗ ਸਕਣ। ਪਿਛਲੇ ਮਹੀਨੇ 29 ਜੂਨ ਨੂੰ ਕੁਲਗਾਮ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਉਸ ਸਮੇਂ ਅਮਰਨਾਥ ਯਾਤਰਾ ਦੇ ਰਸਤੇ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਹੀ ਅੱਤਵਾਦੀਆਂ ਨਾਲ ਫੌਜ ਦਾ ਮੁਕਾਬਲਾ ਹੋਇਆ ਸੀ। ਇਸ ਵਾਰ ਫਿਰ ਅੱਤਵਾਦੀਆਂ ਨੇ ਕੁਲਗਾਮ 'ਚ ਹੀ ਗੋਲੀਬਾਰੀ ਕੀਤੀ ਹੈ।
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਬੁੱਧਵਾਰ ਨੂੰ ਹੋਏ ਮੁਕਾਬਲੇ ਦੌਰਾਨ ਦੋ ਸਥਾਨਕ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਕਾਬਲਾ ਰਾਤ ਨੂੰ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਹਦੀਗਾਮ ਇਲਾਕੇ ਵਿੱਚ ਸ਼ੁਰੂ ਹੋਇਆ। ਹਾਲਾਂਕਿ, ਆਪਣੇ ਮਾਪਿਆਂ ਅਤੇ ਪੁਲਿਸ ਦੀ ਅਪੀਲ 'ਤੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ।