ਸ੍ਰੀਨਗਰ: ਜੰਮੂ-ਕਸ਼ਮੀਰ ਜ਼ਿਲ੍ਹਾ ਵਿਕਾਸ ਪਰੀਸ਼ਦ (ਡੀਡੀਸੀ) ਦੀਆਂ ਚੋਣਾਂ ਲਈ ਵੋਟਿੰਗ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ। ਪਹਿਲੇ ਪੜਾਅ ਅਤੇ ਪੰਚਾਇਤ ਉਪ ਚੋਣਾਂ ਲਈ ਵੋਟਿੰਗ ਦਾ ਪਹਿਲਾ ਪੜਾਅ ਜਾਰੀ ਹੈ। ਇਨ੍ਹਾਂ ਚੋਣਾਂ ਵਿੱਚ ਕੁੱਲ 1,427 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਤਕਰੀਬਨ ਸੱਤ ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਰਾਜ ਚੋਣ ਕਮਿਸ਼ਨਰ ਕੇ.ਕੇ.ਸ਼ਰਮਾ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਨਿਰਵਿਘਨ ਵੋਟਿੰਗ ਲਈ 2,146 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਅੱਗੇ ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਪਹਿਲੇ ਪੜਾਅ ਵਿੱਚ ਸੱਤ ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਇਨ੍ਹਾਂ ਸੱਤ ਲੱਖ ਵੋਟਰਾਂ ਵਿਚੋਂ ਕਸ਼ਮੀਰ ਡਵੀਜ਼ਨ ਵਿੱਚ 3.72 ਲੱਖ ਅਤੇ ਜੰਮੂ ਡਵੀਜ਼ਨ ਵਿੱਚ 3.28 ਲੱਖ ਵੋਟਰ ਹਨ।
ਉਨ੍ਹਾਂ ਦੱਸਿਆ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਜ਼ਿਲ੍ਹਾ ਵਿਕਾਸ ਪਰੀਸ਼ਦ (ਡੀਡੀਸੀ) ਦੀਆਂ ਚੋਣਾਂ ਲਈ ਕੁੱਲ 280 ਹਲਕੇ ਹਨ। ਪਹਿਲੇ ਪੜਾਅ ਵਿੱਚ, ਇਨ੍ਹਾਂ ਵਿੱਚੋਂ 43 ਖੇਤਰਾਂ ਵਿੱਚ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਮਤਦਾਨ ਹੋਵੇਗਾ।