ਸ਼੍ਰੀਨਗਰ:ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਹੇਫ ਸਿਰਮਲ ਇਲਾਕੇ 'ਚ ਸ਼ਨੀਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋਈ। ਸੂਤਰਾਂ ਮੁਤਾਬਕ ਫੌਜ ਦੀ 44 ਰਾਸ਼ਟਰੀ ਰਾਈਫਲਜ਼, ਸੀਆਰਪੀਐੱਫ ਦੀ 178ਵੀਂ ਬਟਾਲੀਅਨ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸ਼ੋਪੀਆਂ ਦੇ ਹੇਫ ਸਿਰਮਲ ਇਲਾਕੇ ਦੇ ਬਾਗਾਂ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਮਿਲਣ 'ਤੇ ਤਲਾਸ਼ੀ ਮੁਹਿੰਮ ਚਲਾਈ। ਜਿਵੇਂ ਹੀ ਸੁਰੱਖਿਆ ਬਲ ਬਾਗਾਂ ਵੱਲ ਵਧਣ ਲੱਗੇ ਤਾਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।
ਸ਼ੁਰੂਆਤ 'ਚ ਕੁਝ ਦੇਰ ਤੱਕ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਹੋਈ। ਫਿਰ ਗੋਲੀਆਂ ਦਾ ਵਟਾਂਦਰਾ ਰੁਕ ਗਿਆ। ਬਾਅਦ 'ਚ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰ ਦਿੱਤੀ ਅਤੇ ਸਾਰੇ ਸੰਭਾਵਿਤ ਰਸਤਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ ਇਲਾਕੇ 'ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਤਿੰਨ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਕਾਰਨ ਘੇਰਾਬੰਦੀ ਕਰ ਲਈ ਗਈ।