ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਐਡਵੋਕੇਟ ਜਨਰਲ ਨੂੰ ਹਟਾਏ ਜਾਣ ’ਤੇ ਟਵੀਟ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਮਝੌਤਾ ਮੁੱਖ ਮੰਤਰੀ ਕਰਾਰ ਦਿੱਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ, ‘ਇੱਕ ਕਾਬਲ ਪਰ 'ਕਥਿਤ ਤੌਰ' 'ਤੇ ਸਮਝੌਤਾ ਕਰਨ ਵਾਲੇ ਅਧਿਕਾਰੀ ਦੀ ਬਰਖਾਸਤਗੀ ਨੇ 'ਸੱਚਮੁੱਚ' ਸਮਝੌਤਾ ਕਰਨ ਵਾਲੇ ਮੁੱਖ ਮੰਤਰੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਲਗਾਤਾਰ ਇੱਕ ਸਵਾਲ ਨੂੰ ਜਨਮ ਦੇਣਾ-ਵੈਸੇ ਵੀ ਸਰਕਾਰ ਕਿਸਦੀ ਹੈ?(*ਬੀ.ਬੀ.ਸੀ. ਦੇ ਰੇਡੀਓ ਡਰਾਮੇ ਤੋਂ ਮਾਫੀ - ਇਹ ਕਿਸਦੀ ਲਾਈਨ ਹੈ)।’
ਸੁਨੀਲ ਜਾਖੜ ਅਕਸਰ ਬੁਝਾਰਤ ਵਾਲੇ ਟਵੀਟ ਕਰਕੇ ਆਪਣੀ ਭੜਾਸ ਕੱਢਦੇ ਹਨ ਪਰ ਹੁਣ ਉਹ ਸਿੱਧੇ ਤੌਰ ’ਤੇ ਸ਼ਬਦੀ ਹਮਲੇ ਕਰਨ ਲੱਗ ਪਏ ਹਨ। ਪੰਜਾਬ ਕਾਂਗਰਸ ਵਿੱਚ ਸੋਮਵਾਰ ਅਤੇ ਮੰਗਲਵਾਰ ਨੂੰ ਚੱਲੇ ਘਟਨਾਕ੍ਰਮ ਤੋਂ ਬਾਅਦ ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਐਡਵੋਕੇਟ ਜਨਰਲ ਏਪੀਐਸ ਦਿਓਲ ਦਾ ਅਸਤੀਫਾ ਮੰਜੂਰ ਕਰ ਲਿਆ ਗਿਆ ਤੇ ਇਸ ਉਪਰੰਤ ਮੁੱਖ ਮੰਤਰੀ ਦੀ ਕਾਨਫਰੰਸ ਦੌਰਾਨ ਨਵਜੋਤ ਸਿੱਧੂ ਆਪ ਮੌਜੂਦ ਰਹੇ। ਏਜੀ ਨੂੰ ਲਾਹੁਣ ਦੇ ਘਟਨਾਕ੍ਰਮ ਬਾਰੇ ਹੀ ਜਾਖੜ ਨੇ ਟਵੀਟ ਕਰਕੇ ਕਿਹਾ ਹੈ ਕਿ ਚੰਨੀ ਸਮਝੌਤਾ ਮੁੱਖ ਮੰਤਰੀ ਹਨ ਤੇ ਨਾਲ ਹੀ ਉਨ੍ਹਾਂ ਅਸਿੱਧੇ ਤੌਰ ’ ਇਹ ਕਹਿਣ ਦੀ ਕੋਸ਼ਿਸ਼ ਵੀ ਕੀਤੀ ਕਿ ਸਰਕਾਰ ਕੋਈ ਹੋਰ ਚਲਾ ਰਿਹਾ ਹੈ।
ਇਸ ਤੋਂ ਪਹਿਲਾਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਏਜੀ ਨੂੰ ਲਾਹੁਣ ਬਾਰੇ ਆਪਣਾ ਟਵੀਟ ਕੀਤਾ। ਉਨ੍ਹਾਂ ਸਰਕਾਰ ਨੂੰ ਨਸੀਹਤ ਦਿੱਤੀ। ਤਿਵਾੜੀ ਨੇ ਟਵੀਟ ਕੀਤਾ ਕਿ, ‘ਹੁਣ @PunjabGovtIndia ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਨ ਜਾ ਰਹੀ ਹੈ, ਉਹ ਚੰਗੀ ਸਲਾਹ ਲੈ ਲੈਣ ਕਿ ਉਹ @barcouncilindia ਵੱਲੋਂ ਨਿਰਧਾਰਿਤ ਪੇਸ਼ੇਵਰ ਮਿਆਰਾਂ ਦੇ ਨਿਯਮਾਂ ਦਾ ਧਿਆਨ ਰੱਖਣ।’ ਸੂਬੇ ਦੇ ਵਿੱਚ ਨਵੇਂ ਏਜੀ ਦੀ ਨਿਯੁਕਤੀ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦੇ ਵੱਲੋਂ ਚੰਨੀ ਸਰਕਾਰ ਨੂੰ ਇਹ ਸਲਾਹ ਦਿੱਤੀ ਗਈ ਹੈ।