ਮੁੰਬਈ :ਕਈ ਲੋਕਾਂ ਨੂੰ ਸੁੱਖ ਸਹੂਲਤਾਂ ਹਜ਼ਮ ਨਹੀਂ ਹੁੰਦੀਆਂ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਜੋ ਕਿਤੇ ਵੀ ਪਹੁੰਚ ਜਾਣ ਪਰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਲੰਘੇ ਮਹੀਨੇ ਵੀ ਕਈ ਜਹਾਜ਼ ਯਾਤਰੀਆਂ ਦੀਆਂ ਮੂਰਖਮੱਤੀਆਂ ਤੇ ਯਾਤਰੀਆਂ ਨਾਲ ਹੋਏ ਮਾੜੇ ਵਰਤਾਓ ਕਾਰਨ ਚਰਚਾ ਵਿੱਚ ਰਹੇ ਹਨ। ਹੁਣ ਇਕ ਹੋਰ ਘਟਨਾ ਖੂਬ ਵਾਇਰਲ ਹੋ ਰਹੀ ਹੈ। ਮਾਮਲਾ ਔਰਤ ਯਾਤਰੀ ਵਲੋਂ ਸੀਟ ਪਿੱਛੇ ਕੀਤੀ ਜਿੱਦ ਅਤੇ ਕੱਪੜੇ ਲਾਹ ਕੇ ਕਰਮਚਾਰੀਆਂ ਨਾਲ ਕੁੱਟਮਾਰ ਕਰਨ ਨਾਲ ਜੁੜਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਆਬੂਧਾਬੀ ਤੋਂ ਮੁੰਬਈ ਜਾ ਰਹੀ ਵਿਸਤਾਰਾ ਦੀ ਇਕ ਉਡਾਣ ਵਿੱਚ ਸਵਾਰ ਔਰਤ ਯਾਤਰੀ ਵਲੋਂ ਚਾਲਕ ਦਲ ਦੇ ਮੈਂਬਰਾਂ ਨਾਲ ਮਾੜਾ ਅਤੇ ਹਿੰਸਾ ਵਾਲਾ ਵਰਤਾਓ ਕੀਤਾ ਗਿਆ ਹੈ। ਇਸਦੇ ਕਾਰਣ ਉਸਨੂੰ ਜਹਾਜ਼ ਵਿੱਚੋਂ ਹੇਠਾਂ ਲਾਹ ਦਿੱਤਾ ਗਿਆ। ਇਹ ਜਾਣਕਾਰੀ ਮੰਗਲਵਾਰ ਨੂੰ ਏਅਰਲਾਇਨਜ਼ ਵਲੋਂ ਦਿੱਤੀ ਗਈ ਹੈ। ਵਿਸਤਾਰਾ ਨੇ ਬਿਆਨ ਵਿੱਚ ਕਿਹਾ ਹੈ ਕਿ ਸੋਮਵਾਰ ਨੂੰ ਹੋਈ ਇਸ ਘਟਨਾ ਦੀ ਸੂਚਨਾ ਸੰਬੰਧਿਤ ਅਧਿਕਾਰੀਆਂ ਨੂੰ ਮਾਪਦੰਡ ਸੰਚਾਲਨ ਪ੍ਰਕਿਰਿਆ ਦੇ ਅਨੁਸਾਰ ਦਿੱਤੀ ਗਈ ਹੈ। ਜਦੋਂਕਿ ਸੁਰੱਖਿਆ ਏਜੰਸੀਆਂ ਨੂੰ ਇਸ ਵਾਪਸੀ ਉੱਤੇ ਬਿਨਾਂ ਦੇਰੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ।
ਫਲਾਇਟ ਆਬੂਧਾਬੀ ਤੋਂ ਮੁੰਬਈ ਆ ਰਹੀ ਸੀ:ਪੁਲਿਸ ਨੇ ਦੱਸਿਆ ਹੈ ਕਿ ਇਟਲੀ ਮੂਲ ਦੀ ਔਰਤ ਦਾ ਨਾਂ ਪਾਓਲਾ ਪੇਰੁਸ਼ਿਓ ਹੈ। ਉਹ ਕੈਬਿਨ ਦੇ ਮੈਂਬਰਾਂ ਨਾਲ ਇਕੋਨਮੀ ਦੀ ਟਿਕਟ ਹੋਣ ਦੇ ਬਾਵਜੂਦ ਬਿਜਨੈਸ ਕਲਾਸ ਵਿੱਚ ਬੈਠਣ ਦੀ ਜਿੱਦ ਕਰ ਰਹੀ ਸੀ। ਜਦੋਂ ਕਰਮਚਾਰੀ ਨੇ ਮਨ੍ਹਾਂ ਕੀਤਾ ਤਾਂ ਉਹ ਹੱਥੋਪਾਈ ਉੱਤੇ ਉਤਰ ਆਈ ਤੇ ਕੁੱਟਮਾਰ ਕਰਨ ਲੱਗੀ ਉਸਨੇ ਆਪਣੇ ਕੱਪੜੇ ਵੀ ਲਾਹ ਦਿੱਤੇ ਅਤੇ ਜਹਾਜ਼ ਵਿਚਾਲੇ ਘੁੰਮਣ ਲੱਗੀ। ਘਟਨਾ ਉੱਤੇ ਵਿਸਤਾਰਾ ਨੇ ਵੀ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਘਟਨਾ 30 ਜਨਵਰੀ ਦੀ ਫਲਾਇਟ ਸੰਖਿਆ ਯੂਕੇ-265 ਵਿੱਚ ਵਾਪਰੀ ਹੈ। ਇਹ ਫਲਾਇਟ ਆਬੂਧਾਬੀ ਤੋਂ ਮੁੰਬਈ ਆ ਰਹੀ ਸੀ।