ਇਸਰੋ ਦੇ ਮੁਖੀ ਸੋਮਨਾਥ ਨੇ ਚੰਦਰਯਾਨ 3 ਦੀ ਸਫਲਤਾ ਲਈ ਦਿੱਤੀ ਵਧਾਈ ਬੈਂਗਲੁਰੂ/ਕਰਨਾਟਕਾ :ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐਸ. ਸੋਮਨਾਥ ਨੇ ਬੁੱਧਵਾਰ ਨੂੰ ਕਿਹਾ ਕਿ ਚੰਦਰਯਾਨ-3 ਦੀ ਸਫਲਤਾ ਇਸਰੋ ਲੀਡਰਸ਼ਿਪ ਅਤੇ ਵਿਗਿਆਨੀਆਂ ਦੀਆਂ ਪੀੜ੍ਹੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਸਫਲਤਾ 'ਵੱਡੀ' ਅਤੇ 'ਉਤਸ਼ਾਹਜਨਕ' ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗੁੰਝਲਦਾਰ ਮਿਸ਼ਨ ਦੇ ਪੂਰਾ ਹੋਣ ਦਾ ਗਵਾਹ ਬਣਨ ਲਈ ਦੱਖਣੀ ਅਫ਼ਰੀਕਾ ਤੋਂ ਆਨਲਾਈਨ ਜੁੜਿਆ ਅਤੇ ਵਿਗਿਆਨੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪੀਐਮ ਮੋਦੀ ਨੇ ਫੋਨ ਉੱਤੇ ਦਿੱਤੀ ਵਧਾਈ:ਮਿਸ਼ਨ ਆਪ੍ਰੇਸ਼ਨ ਕੰਪਲੈਕਸ ਵਿਖੇ ਇਸਰੋ ਟੀਮ ਨੂੰ ਸੰਬੋਧਿਤ ਕਰਦੇ ਹੋਏ ਸੋਮਨਾਥ ਨੇ ਕਿਹਾ, 'ਮਾਨਯੋਗ ਪ੍ਰਧਾਨ ਮੰਤਰੀ ਨੇ ਮੈਨੂੰ ਬੁਲਾਇਆ ਅਤੇ ਤੁਹਾਡੇ ਸਾਰਿਆਂ ਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸਰੋ ਵਿਚ ਤੁਹਾਡੇ ਦੁਆਰਾ ਕੀਤੇ ਗਏ ਸ਼ਾਨਦਾਰ ਕੰਮ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੈਂ ਚੰਦਰਯਾਨ-3 ਅਤੇ ਅਜਿਹੇ ਹੋਰ ਮਿਸ਼ਨਾਂ ਵਿੱਚ ਉਨ੍ਹਾਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਅਸੀਂ ਰਾਸ਼ਟਰ ਲਈ ਜੋ ਪ੍ਰੇਰਨਾਦਾਇਕ ਕੰਮ ਕਰ ਰਹੇ ਹਾਂ, ਉਸ ਨੂੰ ਅੱਗੇ ਲਿਜਾਣ ਲਈ ਸ਼ਲਾਘਾ ਮਿਲ ਰਹੀ ਹੈ।" ਸੋਮਨਾਥ ਨੇ ਮਿਸ਼ਨ ਦੀ ਸਫਲਤਾ ਲਈ ਅਰਦਾਸ ਕਰਨ ਵਾਲੇ ਸਾਰੇ ਲੋਕਾਂ ਅਤੇ ਇਸਰੋ ਦੇ ਸਾਬਕਾ ਮੁਖੀ ਏਐਸ ਕਿਰਨ ਕੁਮਾਰ ਸਮੇਤ ਹੋਰ ਵਿਗਿਆਨੀਆਂ ਦਾ ਧੰਨਵਾਦ ਕੀਤਾ।
ਚੰਦਰਯਾਨ-1 ਨਾਲ ਸ਼ੁਰੂ ਹੋਈ ਸੀ ਯਾਤਰਾ: ਸੋਮਨਾਥ ਨੇ ਰੇਖਾਂਕਿਤ ਕੀਤਾ ਕਿ ਇਹ ਇਸਰੋ ਲੀਡਰਸ਼ਿਪ ਅਤੇ ਵਿਗਿਆਨੀਆਂ ਦੀਆਂ ਪੀੜ੍ਹੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ, 'ਇਹ ਉਹ ਯਾਤਰਾ ਹੈ ਜੋ ਚੰਦਰਯਾਨ-1 ਨਾਲ ਸ਼ੁਰੂ ਹੋਈ ਸੀ, ਜੋ ਚੰਦਰਯਾਨ-2 ਵਿਚ ਵੀ ਜਾਰੀ ਰਹੀ ਅਤੇ ਚੰਦਰਯਾਨ-2 ਅਜੇ ਵੀ ਕੰਮ ਕਰ ਰਿਹਾ ਹੈ ਅਤੇ ਕਈ ਸੰਦੇਸ਼ ਭੇਜ ਰਿਹਾ ਹੈ।'
ISRO ਦਾ ਅਗਲਾ ਮਿਸ਼ਨ ਕੀ ਹੋਵੇਗਾ:ਸੋਮਨਾਥ ਨੇ ਮੰਚ ਤੋਂ ਐਲਾਨ ਕੀਤਾ ਕਿ ਹੁਣ ਅਗਲਾ ਪਲਾਨ ਸੂਰਜ ਦਾ ਅਧਿਐਨ ਹੋਵੇਗਾ। ਅਗਲਾ ਮਿਸ਼ਨ ਆਦਿਤਿਆ ਐਲ 1 ਹੈ, ਜੋ ਕਿ ਸਤੰਬਰ ਦੇ ਪਹਿਲੇ ਮਹੀਨੇ ਗਗਨਯਾਨ ਉੱਤੇ ਕੰਮ ਕਰਦੇ ਹੋਏ ਉਸ ਨੂੰ ਲਾਂਚ ਕਰਨ ਦਾ ਪਲਾਨ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਕਈ ਮਿਸ਼ਨਾਂ ਉੱਤੇ ਕੰਮ ਕਰਨ ਲਈ ਇਸਰੋ ਤਿਆਰ ਹੈ।
ਇਸਰੋ ਦੇ ਸਾਬਕਾ ਮੁਖੀ ਕੇ. ਸਿਵਾਨ ਨੇ ਵੀ ਅਗਲੇ ਮਿਸ਼ਨ ਬਾਰੇ ਕੀਤਾ ਖੁਲਾਸਾ 23 ਅਗਸਤ ਦਾ ਦਿਨ ਗੋਲਡਨ ਡੇਅ ਬਣਿਆ: ਸਾਬਕਾ ਇਸਰੋ ਮੁਖੀ ਕੇ. ਸਿਵਾਨ ਨੇ ਚੰਦਰਯਾਨ 3 ਦੀ ਚੰਨ ਦੀ ਸਤ੍ਹਾਂ ਉੱਤੇ ਸਫਲ ਲੈਂਡਿੰਗ ਉੱਤੇ ਬੇਹਦ ਖੁਸ਼ੀ ਜਤਾਈ। ਉਨ੍ਹਾਂ ਕਿਹਾ ਕਿ ਇਹ ਸਾਰੀ ਦੇਸ਼ ਲਈ ਅੱਜ ਮਾਣ ਵਾਲੀ ਗੱਲ ਹੈ। ਪੂਰੇ ਭਾਰਤ ਲਈ 23 ਅਗਸਤ ਦਾ ਦਿਨ ਗੋਲਡਨ ਡੇ ਰਿਹਾ ਹੈ। ਇਸ ਪਿੱਛੇ ਪੂਰੇ ਭਾਰਤ ਦੀ ਮਿਹਨਤ ਤੇ ਤਕਨੀਕੀ ਤਾਕਤ ਦਾ ਪੂਰਾ ਹੱਥ ਹੈ। ਇਸ ਨਾਲ ਚੰਦਰਯਾਨ 3 ਨੂੰ ਸਫਲਤਾ ਮਿਲੀ ਹੈ ਅਤੇ ਚੰਨ ਦੀ ਸਤ੍ਹਾਂ ਉੱਤੇ ਉਤਰਿਆ। ਹੁਣ ਸਾਨੂੰ ਰੋਵਰ ਰਾਹੀਂ ਚੰਨ ਦੀਆਂ ਕਈ ਫੋਟੋਆਂ ਮਿਲਣਗੀਆਂ ਅਤੇ ਹੋਰ ਵੀ ਕਈ ਵਿਗਿਆਨਿਕ ਤੱਥਾਂ ਤੇ ਹੋਰ ਪ੍ਰੀਖਣਾਂ ਉੱਤੇ ਕੰਮ ਹੋਵੇਗਾ। ਅੱਗੇ ਦੇ ਪਲਾਨ ਨੂੰ ਲੈ ਕੇ ਸਾਬਕਾ ਇਸਰੋ ਮੁਖੀ ਕੇ. ਸਿਵਾਨ ਨੇ ਕਿਹਾ ਹੁਣ ਗਗਨਯਾਨ ਉੱਤੇ ਕੰਮ ਕੀਤਾ ਜਾਵੇਗਾ ਅਤੇ ਸੂਰਜ ਉੱਤੇ ਅਧਿਐਨ ਕੀਤਾ ਜਾਵੇਗਾ।