ਬੈਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੰਦਰਯਾਨ-3 ਪੁਲਾੜ ਯਾਨ ਨੇ 14 ਜੁਲਾਈ ਨੂੰ ਲਾਂਚ ਕੀਤੇ ਜਾਣ ਤੋਂ ਬਾਅਦ ਚੰਦਰਮਾ ਦੀ ਦੂਰੀ ਦਾ ਲਗਭਗ ਦੋ ਤਿਹਾਈ ਹਿੱਸਾ ਪੂਰਾ ਕਰ ਲਿਆ ਹੈ। ਚੰਦਰਯਾਨ-3 ਦੀ ਲਾਂਚਿੰਗ ਤੋਂ ਲੈ ਕੇ ਹੁਣ ਤੱਕ ਇਸ ਨੂੰ ਆਰਬਿਟ 'ਚ ਉਤਾਰਨ ਦੀ ਪ੍ਰਕਿਰਿਆ ਪੰਜ ਵਾਰ ਸਫਲਤਾਪੂਰਵਕ ਪੂਰੀ ਹੋ ਚੁੱਕੀ ਹੈ। 1 ਅਗਸਤ ਨੂੰ, ਪੁਲਾੜ ਯਾਨ ਨੂੰ ਚੰਦਰਮਾ ਵੱਲ ਧਰਤੀ ਦੇ ਪੰਧ ਤੋਂ ਉੱਪਰ ਚੁੱਕਣ ਦੀ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਹੋ ਗਈ ਅਤੇ ਵਾਹਨ ਨੂੰ 'ਟਰਾਂਸਲੂਨਰ ਆਰਬਿਟ' ਵਿੱਚ ਪਾ ਦਿੱਤਾ ਗਿਆ।
ਇਸਰੋ ਮੁਤਾਬਿਕ ਭਲਕੇ ਇੱਕ ਹੋਰ ਮਹੱਤਵਪੂਰਨ ਕੋਸ਼ਿਸ਼ ਵਿੱਚ ਪੁਲਾੜ ਯਾਨ ਨੂੰ ਚੰਦਰਮਾ ਦੇ ਪੰਧ ਵਿੱਚ ਰੱਖਿਆ ਜਾਵੇਗਾ। ਰਾਸ਼ਟਰੀ ਪੁਲਾੜ ਏਜੰਸੀ ਇਸਰੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੁਲਾੜ ਯਾਨ ਨੂੰ ਚੰਦਰਮਾ ਦੇ ਪੰਧ 'ਚ ਪਾਉਣ ਦੀ ਪ੍ਰਕਿਰਿਆ 5 ਅਗਸਤ ਨੂੰ ਸ਼ਾਮ 7 ਵਜੇ ਦੇ ਕਰੀਬ ਤੈਅ ਕੀਤੀ ਗਈ ਹੈ। ਇਸਰੋ ਨੇ ਕਿਹਾ ਕਿ ਇਹ ਕੋਸ਼ਿਸ਼ ਉਦੋਂ ਕੀਤੀ ਜਾਵੇਗੀ ਜਦੋਂ ਚੰਦਰਯਾਨ-3 ਚੰਦਰਮਾ ਦੇ ਸਭ ਤੋਂ ਨੇੜੇ ਹੋਵੇਗਾ। ਇਸ ਤੋਂ ਪਹਿਲਾਂ ਇਸ ਨੇ ਕਿਹਾ ਸੀ ਕਿ ਉਹ 23 ਅਗਸਤ ਨੂੰ ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ 'ਤੇ 'ਸਾਫਟ ਲੈਂਡਿੰਗ' ਕਰਨ ਦੀ ਕੋਸ਼ਿਸ਼ ਕਰੇਗਾ।