ਚੰਡੀਗੜ੍ਹ: ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਤੋਂ ਬਾਅਦ ਕੁਝ ਜ਼ਿਲ੍ਹਿਆਂ ਵਿੱਚ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ। ਨੂਹ ਵਿੱਚ ਹੋਈ ਹਿੰਸਾ ਤੋਂ ਬਾਅਦ ਫਰੀਦਾਬਾਦ ਅਤੇ ਪਲਵਲ ਜ਼ਿਲ੍ਹਿਆਂ ਅਤੇ ਗੁਰੂਗ੍ਰਾਮ ਦੀਆਂ ਤਿੰਨ ਸਬ-ਡਿਵੀਜ਼ਨਾਂ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਅਜਿਹੇ 'ਚ ਸਥਿਤੀ 'ਤੇ ਕਾਬੂ ਪਾਉਣ ਲਈ ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਹੁਕਮ ਜਾਰੀ ਕੀਤਾ ਕਿ ਇੰਨ੍ਹਾਂ ਇਲਾਕਿਆਂ 'ਚ 5 ਅਗਸਤ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।
ਕਾਨੂੰਨ ਵਿਵਸਥਾ ਦੀ ਸਮੀਖਿਆ:ਹਰਿਆਣਾ ਦੇ ਗ੍ਰਹਿ ਸਕੱਤਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਇੰਨ੍ਹਾਂ ਜ਼ਿਲ੍ਹਿਆਂ ਵਿੱਚ ਸਥਿਤੀ ਗੰਭੀਰ ਅਤੇ ਤਣਾਅਪੂਰਨ ਬਣੀ ਹੋਈ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਨੂਹ, ਫਰੀਦਾਬਾਦ, ਪਲਵਲ ਅਤੇ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ-ਨਾਲ ਸਬੰਧਤ ਜ਼ਿਲ੍ਹਿਆਂ ਵਿੱਚ ਕਾਨੂੰਨ ਵਿਵਸਥਾ ਦੀ ਸਮੀਖਿਆ ਕੀਤੀ ਗਈ ਹੈ। ਇੰਨ੍ਹਾਂ ਜ਼ਿਲ੍ਹਿਆਂ ਵਿੱਚ ਸਥਿਤੀ ਅਜੇ ਵੀ ਗੰਭੀਰ ਅਤੇ ਤਣਾਅਪੂਰਨ ਬਣੀ ਹੋਈ ਹੈ, ਜਿਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ: ਹੁਕਮ ਜਾਰੀ ਕਰਦੇ ਹੋਏ ਗ੍ਰਹਿ ਸਕੱਤਰ ਨੇ ਕਿਹਾ ਹੈ ਕਿ ਕਿਸੇ ਵਲੋਂ ਵੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਵਟਸਐਪ, ਫੇਸਬੁੱਕ, ਟਵਿੱਟਰ ਆਦਿ ਰਾਹੀਂ ਮੋਬਾਈਲ ਫੋਨਾਂ ਅਤੇ ਐਸ.ਐਮ.ਐਸ. ਰਾਹੀਂ ਗਲਤ ਜਾਣਕਾਰੀ ਅਤੇ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਗਲਤ ਸੂਚਨਾ ਦੇ ਆਧਾਰ 'ਤੇ ਅੰਦੋਲਨਕਾਰੀ ਅਤੇ ਪ੍ਰਦਰਸ਼ਨਕਾਰੀ ਫਿਰ ਤੋਂ ਜਥੇਬੰਦ ਹੋ ਸਕਦੇ ਹਨ ਅਤੇ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਸਰਕਾਰ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ 5 ਅਗਸਤ ਤੱਕ ਇੰਟਰਨੈੱਟ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਦਾ ਬਿਆਨ: ਇਸ ਦੌਰਾਨ ਹਰਿਆਣਾ ਸਰਕਾਰ ਨੇ ਜਲਦੀ ਤੋਂ ਜਲਦੀ ਦੂਜੀ ਆਈਆਰਬੀ ਬਟਾਲੀਅਨ ਦੇ ਹੈੱਡਕੁਆਰਟਰ ਨੂੰ ਭੌਂਡਸੀ ਤੋਂ ਨੂਹ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਨੂਹ ਹਿੰਸਾ ਮਾਮਲੇ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਨੂਹ ਹਿੰਸਾ 'ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਦੋਸ਼ ਸਾਬਤ ਹੋਣ 'ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਯਕੀਨੀ ਬਣਾਇਆ ਜਾਵੇਗਾ।
ਪੁਲਿਸ ਵਲੋਂ ਫਲੈਗ ਮਾਰਚ: ਫਿਰਕੂ ਦੰਗਿਆਂ ਦੇ ਮੱਦੇਨਜ਼ਰ, ਗੁਰੂਗ੍ਰਾਮ ਪੁਲਿਸ ਖੇਤਰ ਵਿੱਚ ਅਮਨ-ਕਾਨੂੰਨ, ਸ਼ਾਂਤੀ ਅਤੇ ਤਾਲਮੇਲ ਕਾਇਮ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਗੁਰੂਗ੍ਰਾਮ ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕਰਕੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਗੁਰੂਗ੍ਰਾਮ ਪੁਲਿਸ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲਾਉਣ ਅਤੇ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ। (ANI)