ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਅਜਿਹੇ ਅੱਜ ਕਿਸਾਨਾਂ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਦੇ ਸੱਦੇ ਤੋਂ ਬਾਅਦ ਭਾਰੀ ਗਿਣਤੀ 'ਚ ਮਹਿਲਾਵਾਂ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ’ਤੇ ਪਹੁੰਚ ਰਹੀਆਂ ਹਨ। ਮਹਿਲਾ ਦਿਵਸ ਦੇ ਮੱਦੇਨਜ਼ਰ ਸਟੇਜ ਸੰਚਾਲਨ ਤੇ ਵਾਲੰਟੀਅਰ ਡਿਊਟੀਆਂ ਸਮੇਤ ਹੋਰ ਅਹਿਮ ਜ਼ਿੰਮੇਵਾਰੀਆਂ ਦੀ ਕਮਾਨ ਔਰਤਾਂ ਹੱਥ ਰਹੇਗੀ।
ਇਹ ਦਿਹਾੜਾ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਮੋਰਚੇ ਉੱਤੇ ਔਰਤਾਂ ਦੀ ਮੁਕਤੀ ਲਈ ਜੱਦੋਜਹਿਦ ਨੂੰ ਤੇਜ਼ ਕਰਨ ਦਾ ਸੰਦੇਸ਼ ਦੇਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਔਰਤ ਪੁਰਸ਼ ਦੀ ਬਰਾਬਰੀ ਦੇ ਮਹੱਤਵ ਅਤੇ ਮੌਜੂਦਾ ਅੰਦੋਲਨ ਸਮੇਤ ਖੇਤੀ ਸੰਕਟ ਦੇ ਹੱਲ ਲਈ ਸੰਘਰਸ਼ ਵਿੱਚ ਔਰਤਾਂ ਦੇ ਯੋਗਦਾਨ ਦੀ ਅਹਿਮੀਅਤ ਨੂੰ ਉਘਾੜਿਆ ਜਾਵੇਗਾ।