ਹੈਦਰਾਬਾਦ: ਸਰਕਾਰ ਨੇ ਕਰੀਬ 2 ਸਾਲਾਂ ਬਾਅਦ ਮੁੜ ਅੰਤਰਰਾਸ਼ਟਰੀ ਉਡਾਣ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੋਰੋਨਾ ਵਾਇਰਸ ਦੇ ਫੈਲਣ ਕਾਰਨ 23 ਮਾਰਚ, 2020 ਤੋਂ ਦੇਸ਼ ਵਿੱਚ ਅੰਤਰਰਾਸ਼ਟਰੀ ਉਡਾਣ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹਾਲਾਂਕਿ, ਜੁਲਾਈ 2020 ਤੋਂ, ਲਗਭਗ 35 ਦੇਸ਼ਾਂ ਦੇ ਨਾਲ 'ਏਅਰ ਬਬਲ' ਵਿਵਸਥਾ ਦੇ ਤਹਿਤ ਭਾਰਤ ਤੋਂ ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਹਨ।
ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਜ ਸਿੰਧੀਆ ਨੇ ਕਿਹਾ, 'ਅਸੀਂ ਉਦਯੋਗ ਨਾਲ ਜੁੜੇ ਲੋਕਾਂ ਨਾਲ ਵਿਚਾਰ ਵਟਾਂਦਰੇ ਅਤੇ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ 27 ਮਾਰਚ, 2022 ਤੋਂ ਅੰਤਰਰਾਸ਼ਟਰੀ ਉਡਾਣ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਏਅਰ ਬਬਲ ਸਿਸਟਮ ਨੂੰ ਹਟਾ ਦਿੱਤਾ ਗਿਆ ਹੈ। ਸਿੰਧੀਆ ਨੇ ਕਿਹਾ, 'ਇਸ ਫੈਸਲੇ ਨਾਲ ਮੈਨੂੰ ਯਕੀਨ ਹੈ ਕਿ ਹਵਾਬਾਜ਼ੀ ਉਦਯੋਗ ਨਵੀਆਂ ਉਚਾਈਆਂ 'ਤੇ ਪਹੁੰਚੇਗਾ।'
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਮੰਗਲਵਾਰ ਨੂੰ ਭਾਰਤ 'ਚ ਕੋਰੋਨਾ ਦੇ ਸਿਰਫ 3,993 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ 662 ਦਿਨਾਂ ਵਿੱਚ ਸਭ ਤੋਂ ਘੱਟ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ 10 ਫਰਵਰੀ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਅੰਤਰਰਾਸ਼ਟਰੀ ਉਡਾਣਾਂ 27 ਮਾਰਚ ਤੋਂ ਸ਼ੁਰੂ ਹੋਣਗੀਆਂ।