ਹੈਦਰਾਬਾਦ: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਵਿਰੋਧੀ ਏਜੰਡਾ ਚਲਾਉਣ ਲਈ 20 ਯੂ-ਟਿਊਬ ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਤਰਾਲੇ ਨੇ ਦੋ ਵੈੱਬਸਾਈਟਾਂ 'ਤੇ ਵੀ ਕਾਰਵਾਈ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਖੁਫੀਆ ਵਿਭਾਗ ਨੇ ਇੰਨ੍ਹਾਂ ਚੈਨਲਾਂ ਖਿਲਾਫ਼ ਰਿਪੋਰਟ ਸੌਂਪੀ ਸੀ। ਸੂਤਰਾਂ ਮੁਤਾਬਕ ਇਹ ਵੈੱਬਸਾਈਟਾਂ ਪਾਕਿਸਤਾਨ ਤੋਂ ਦਿਸ਼ਾ-ਨਿਰਦੇਸ਼ ਲੈ ਰਹੀਆਂ ਸਨ। ਉਨ੍ਹਾਂ ਦਾ ਮਨੋਰਥ ਭਾਰਤ ਦੇ ਖਿਲਾਫ਼ ਪ੍ਰਚਾਰ ਕਰਨਾ ਸੀ। ਉਨ੍ਹਾਂ ਦਾ ਮੁੱਖ ਮਨੋਰਥ ਫੌਜ, ਕਸ਼ਮੀਰ ਅਤੇ ਘੱਟ ਗਿਣਤੀਆਂ ਬਾਰੇ ਭੰਬਲਭੂਸਾ ਪੈਦਾ ਕਰਨਾ ਸੀ ਜਿਸਦੇ ਚੱਲਦੇ ਯੋਜਨਾਬੱਧ ਤਰੀਕੇ ਨਾਲ ਪ੍ਰਸਾਰਿਤ ਕੀਤਾ ਜਾ ਰਿਹਾ ਸੀ।
ਮੰਤਰਾਲੇ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇੰਨ੍ਹਾਂ ਚੈਨਲਾਂ ਦੇ 35 ਲੱਖ ਤੋਂ ਸਬਸਕਰਾਈਬਰ ਸਨ। ਉਨ੍ਹਾਂ ਦੇ ਵੀਡੀਓ ਨੂੰ 50 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇੱਥੇ ਕਿਸਾਨਾਂ ਦਾ ਅੰਦੋਲਨ ਅਤੇ ਸੀਏਏ ਦੇ ਵਿਰੋਧ ਨੂੰ ਹੋਰ ਤਿੱਖਾ ਦਿਖਾਇਆ ਜਾ ਰਿਹਾ ਹੈ। ਇਸ ਰਿਪੋਰਟ ਮੁਤਾਬਕ ਇੰਨ੍ਹਾਂ ਚੈਨਲਾਂ ਨੇ ਜਨਰਲ ਬਿਪਿਨ ਰਾਵਤ ਅਤੇ ਰਾਮ ਮੰਦਰ ਨੂੰ ਲੈ ਕੇ ਝੂਠੀਆਂ ਖਬਰਾਂ ਨੂੰ ਵੀ ਸਪਾਂਸਰ ਕੀਤਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਸ ਮਾਮਲੇ 'ਤੇ ਇਹ ਪ੍ਰਤੀਕਿਰਿਆ ਦਿੱਤੀ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ 20 ਯੂਟਿਊਬ ਚੈਨਲਾਂ ਅਤੇ ਦੋ ਵੈੱਬਸਾਈਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਹ ਭਾਰਤੀ ਕਾਨੂੰਨਾਂ ਦੀ ਉਲੰਘਣਾ ਕਰਕੇ ਫਰਜ਼ੀ ਖ਼ਬਰਾਂ ਅਤੇ ਭਾਰਤ ਵਿਰੋਧੀ ਸਮੱਗਰੀ ਚਲਾ ਕੇ ਭਾਰਤ ਵਿੱਚ ਡਰ ਅਤੇ ਭੰਬਲਭੂਸੇ ਦਾ ਮਾਹੌਲ ਪੈਦਾ ਕਰ ਰਹੇ ਹਨ। ਮੰਤਰੀ ਨੇ ਕਿਹਾ, "ਆਈਟੀ (ਸੂਚਨਾ ਤਕਨਾਲੋਜੀ) ਨਿਯਮਾਂ ਦੇ ਤਹਿਤ ਉਨ੍ਹਾਂ (ਚੈਨਲ ਅਤੇ ਵੈੱਬਸਾਈਟ) ਵਿਰੁੱਧ ਕਾਰਵਾਈ ਕੀਤੀ ਗਈ ਹੈ, ਤਾਂ ਜੋ ਪਾਕਿਸਤਾਨ ਭਾਰਤ ਦੇ ਵਿਰੁੱਧ ਜੋ ਏਜੰਡਾ ਚਲਾ ਰਿਹਾ ਹੈ ਉਸਨੂੰ ਰੋਕਿਆ ਜਾਵੇ। ਮੰਤਰੀ ਨੇ ਆਪਣੇ ਟਵੀਟ 'ਚ ਕਿਹਾ ਕਿ ਅਸੀਂ ਫਰਜ਼ੀ ਖਬਰਾਂ ਅਤੇ ਪ੍ਰਚਾਰ ਕਰਕੇ ਭਾਰਤ 'ਚ ਅਸ਼ਾਂਤੀ ਪੈਦਾ ਕਰਨ ਦੇ ਉਦੇਸ਼ ਨਾਲ ਸਰਹੱਦ ਪਾਰ ਦੀਆਂ ਗਤੀਵਿਧੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਹੈ ਜਿਸ ਵਿੱਚ ਵੱਖ-ਵੱਖ YouTube ਚੈਨਲਾਂ ਦਾ ਨੈੱਟਵਰਕ ਹੈ। ਇਸ 'ਚ ਕਿਹਾ ਗਿਆ ਹੈ ਕਿ ਕੁਝ ਹੋਰ ਯੂ-ਟਿਊਬ ਚੈਨਲ ਵੀ ਹਨ, ਜੋ NPG ਨਾਲ ਸਬੰਧਤ ਨਹੀਂ ਹਨ।
ਬਿਆਨ ਵਿੱਚ ਕਿਹਾ ਗਿਆ ਹੈ, "ਖੁਫੀਆ ਏਜੰਸੀਆਂ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਿਚਕਾਰ ਇੱਕ ਤਾਲਮੇਲ ਵਾਲੇ ਯਤਨਾਂ ਵਿੱਚ, ਮੰਤਰਾਲੇ ਨੇ ਸੋਮਵਾਰ ਨੂੰ ਇੰਟਰਨੈੱਟ 'ਤੇ ਭਾਰਤ ਵਿਰੋਧੀ ਪ੍ਰਚਾਰ ਅਤੇ ਫਰਜ਼ੀ ਖ਼ਬਰਾਂ ਫੈਲਾਉਣ ਲਈ 20 ਯੂਟਿਊਬ ਚੈਨਲਾਂ ਅਤੇ ਦੋ ਵੈੱਬਸਾਈਟਾਂ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਹੈ।" ਦੱਸਿਆ ਗਿਆ ਕਿ ਦੋ ਵੱਖ-ਵੱਖ ਹੁਕਮਾਂ ਵਿੱਚੋਂ ਇੱਕ ਹੁਕਮ 20 ਯੂ-ਟਿਊਬ ਚੈਨਲਾਂ ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਅਤੇ ਦੂਜਾ ਹੁਕਮ ਦੋ ਨਿਊਜ਼ ਵੈੱਬਸਾਈਟਾਂ ਨੂੰ ਬਲਾਕ ਕਰਨ ਦਾ ਹੈ, ਜਿਸ ਵਿੱਚ ਦੂਰਸੰਚਾਰ ਵਿਭਾਗ ਨੂੰ ਨਿਊਜ਼ ਚੈਨਲ/ਪੋਰਟਲ ਨੂੰ ਬਲਾਕ ਕਰਨ ਲਈ ਕਿਹਾ ਗਿਆ ਹੈ। 20 ਯੂ-ਟਿਊਬ ਚੈਨਲਾਂ ਦੀ ਸੂਚੀ ਜਿੰਨ੍ਹਾਂ ਨੂੰ ਬਲੌਕ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ 'ਤੇ ਚਲਾਈ ਗਈ ਕੁਝ ਤੱਥਹੀਣ ਅਤੇ ਭਾਰਤ ਵਿਰੋਧੀ ਸਮੱਗਰੀ ਦੀਆਂ ਸਕ੍ਰੀਨਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ 3.5 ਮਿਲੀਅਨ ਤੋਂ ਵੱਧ ਲੋਕ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਵੀਡੀਓਜ਼ ਨੂੰ 55 ਮਿਲੀਅਨ ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ।