ਇੰਦੌਰ: ਅੰਨਪੂਰਨਾ ਪੁਲਿਸ ਨੇ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਰਾਜੇਸ਼ ਬਰਨਾਲ ਸਮੇਤ 5 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹਨਾਂ ਬਦਮਾਸ਼ਾਂ ਨੇ 1 ਅਗਸਤ ਤੋਂ 20 ਅਗਸਤ ਦਰਮਿਆਨ 15 ਘਰਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਲੱਖਾਂ ਰੁਪਏ ਦੇ ਸਾਮਾਨ ’ਤੇ ਹੱਥ ਸਾਫ਼ ਕੀਤਾ। ਇਹਨਾਂ ਵਿੱਚ ਮੁੱਖ ਮੁਲਜ਼ਮ ਰਾਜੇਸ਼ ਬਰਨਾਲਾ 'ਤੇ ਖਾਲਿਸਤਾਨੀ ਅੱਤਵਾਦੀਆਂ ਦੀ ਮਦਦ ਕਰਨ ਦਾ ਇਲਜ਼ਾਮ ਵੀ ਹੈ। ਜਿਸ ਨੂੰ ਦਿੱਲੀ ਪੁਲਿਸ ਨੇ 18 ਪਿਸਤੌਲਾਂ ਸਮੇਤ ਕਾਬੂ ਕੀਤਾ ਸੀ। ਹੁਣ ਏਟੀਐਸ ਇਸ ਮਾਮਲੇ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਮੁਲਜ਼ਮਾਂ ਤੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ : ਇੰਦੌਰ 'ਚ ਫੜੇ ਗਏ ਬਦਮਾਸ਼ ਦਾ ਖਾਲਿਸਤਾਨੀ ਕੁਨੈਕਸ਼ਨ ਮਿਲਣ ਤੋਂ ਬਾਅਦ ਸਾਰੀਆਂ ਜਾਂਚ ਏਜੰਸੀਆਂ ਚੌਕਸ ਹੋ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਫਿਲਹਾਲ ਇਹ ਬਦਮਾਸ਼ ਚੋਰੀ ਦੇ ਵੱਖ ਵੱਖ ਮਾਮਲਿਆਂ ਵਿੱਚ ਕਾਬੂ ਕੀਤੇ ਗਏ ਹਨ, ਪਰ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੋਂ ਵੱਡੇ ਖੁਲਾਸੇ ਵੀ ਹੋ ਸਕਦੇ ਹਨ। ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇਨ੍ਹਾਂ ਬਦਮਾਸ਼ਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਬਾਅਦ ਪਿੱਛਾ ਕਰਕੇ ਪੰਜ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ।
ਰਾਜੇਸ਼ ਬਰਨਾਲਾ ਇੰਦੌਰ ਲੁਕਿਆ ਹੋਇਆ ਸੀ :ਰਾਜੇਸ਼ ਬਰਨਾਲਾ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਹਾਲ ਹੀ 'ਚ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਖਾਲਿਸਤਾਨ ਦੇ ਅੱਤਵਾਦੀਆਂ ਖਿਲਾਫ ਤੇਜ਼ੀ ਨਾਲ ਕਾਰਵਾਈ ਕੀਤੀ ਹੈ। ਇਸ ਤੋਂ ਬਾਅਦ ਬਰਨਾਲਾ ਨੂੰ ਲੱਗਾ ਕਿ ਉਹ ਵੀ ਫੜ੍ਹਿਆ ਜਾ ਸਕਦਾ ਹੈ। ਇਸ ਲਈ ਉਹ ਇੰਦੌਰ ਦੇ ਨਾਲ-ਨਾਲ ਧਾਰ,ਧਮਨੌਦ ਵਿੱਚ ਜਾਣ-ਪਛਾਣ ਵਾਲਿਆਂ ਨਾਲ ਰਹਿਣ ਲੱਗ ਪਿਆ। ਇਸ ਦੌਰਾਨ ਉਸ ਨੇ ਇੱਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਹੁਣ ਏਟੀਐਸ ਇਸ ਪੂਰੇ ਮਾਮਲੇ ਵਿੱਚ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ। ਇੰਦੌਰ ਪੁਲਿਸ ਨੇ ਮਾਮਲੇ ਦੀ ਸੂਚਨਾ ਏਟੀਐਸ ਨੂੰ ਦੇ ਦਿੱਤੀ ਹੈ। ਮੁਲਜ਼ਮਾਂ ਬਾਰੇ ਪੰਜਾਬ ਅਤੇ ਦਿੱਲੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਇੰਦੌਰ ਜਾਵੇਗੀ ਪੰਜਾਬ ਪੁਲਿਸ : ਸੰਭਾਵਨਾ ਹੈ ਕਿ ਪੰਜਾਬ ਪੁਲਿਸ ਵੀ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਲਈ ਇੰਦੌਰ ਪਹੁੰਚ ਸਕਦੀ ਹੈ। ਇੰਦੌਰ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ। ਇੰਦੌਰ ਵਿੱਚ ਬਦਮਾਸ਼ਾਂ ਦੇ ਸੰਪਰਕ ਸਰੋਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਵਧੀਕ ਡੀਸੀਪੀ ਅਭਿਨਵ ਵਿਸ਼ਵਕਰਮਾ ਦਾ ਕਹਿਣਾ ਹੈ ਕਿ ਪੁੱਛਗਿੱਛ ਤੋਂ ਬਾਅਦ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਲਈ ਏਟੀਐਸ ਦੀ ਟੀਮ ਵੀ ਜਲਦੀ ਹੀ ਇੰਦੌਰ ਪਹੁੰਚੇਗੀ।