ਚੰਡੀਗੜ੍ਹ ਡੈਸਕ:ਖਰਾਬ ਮੌਸਮ ਕਾਰਨ ਇੱਕ ਵਾਰ ਫਿਰ ਇੰਡੀਗੋ ਦੀ ਫਲਾਈਟ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਪਹੁੰਚ ਗਈ। ਇਹ ਦੋ ਹਫ਼ਤਿਆਂ ਵਿੱਚ ਦੂਜੀ ਵਾਰ ਹੋਇਆ ਹੈ, ਜਦੋਂ ਇੰਡੀਗੋ ਦੀ ਫਲਾਈਟ ਪਾਕਿਸਤਾਨ ਦੇ ਏਅਰ ਸਪੇਸ ਉਤੇ ਪਹੁੰਚੀ ਹੋਵੇ। ਇਹ ਫਲਾਈਟ ਸ਼੍ਰੀਨਗਰ ਤੋਂ ਜੰਮੂ ਨੂੰ ਰਵਾਨਾ ਹੋਈ ਸੀ। ਉਡਾਣ ਭਰਨ ਮਗਰੋਂ ਖਰਾਬ ਮੌਸਮ ਦੇ ਚੱਲਦਿਆਂ ਇਹ ਪਾਕਿਸਤਾਨ ਦੇ ਏਅਰ ਸਪੇਸ ਉਤੇ ਤਕਰੀਬਨ ਪੰਜ ਮਿੰਟ ਤਕ ਰਹੀ। ਇੱਕ ਨਹੀਂ ਸਗੋਂ ਦੋ ਵਾਰ ਇਹ ਫਲਾਈਟ ਪਾਕਿਸਤਾਨ ਦੇ ਏਅਰ ਸਪੇਸ ਉੱਤੇ ਘੁੰਮਦੀ ਰਹੀ। ਆਖਿਰ ਅੰਮ੍ਰਿਤਸਰ ਵਿਖੇ ਇਸ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ। ਇੰਡੀਗੋ ਦੀ ਫਲਾਈਟ ਨੰਬਰ 6E2124 ਨੇ ਦੁਪਹਿਰ ਕਰੀਬ 3.36 ਵਜੇ ਸ਼੍ਰੀਨਗਰ ਤੋਂ ਉਡਾਣ ਭਰੀ ਸੀ। ਉਡਾਣ ਭਰਨ ਤੋਂ 28 ਮਿੰਟ ਬਾਅਦ ਫਲਾਈਟ ਜੰਮੂ-ਕਸ਼ਮੀਰ ਦੇ ਕੋਟੇ ਜਮੀਲ ਰਾਹੀਂ ਦ ਖਰਾਬ ਮੌਸਮ ਕਾਰਨ ਪਾਕਿਸਤਾਨ ਵਿੱਚ ਦਾਖਲ ਹੋ ਗਈ। ਫਲਾਈਟ ਕਰੀਬ 5 ਮਿੰਟ ਤੱਕ ਪਾਕਿ ਹਵਾਈ ਖੇਤਰ 'ਚ ਰਹੀ ਅਤੇ ਸਿਆਲਕੋਟ ਦੇ ਰਸਤੇ ਜੰਮੂ ਵੱਲ ਰਵਾਨਾ ਹੋਈ, ਪਰ ਇੱਥੇ ਜੰਮੂ ਵਿੱਚ ਮੌਸਮ ਖਰਾਬ ਹੋਣ ਕਾਰਨ ਇਹ ਫਲਾਈਟ ਉੱਥੇ ਲੈਂਡ ਨਹੀਂ ਕਰ ਸਕੀ, ਜਿਸ ਤੋਂ ਬਾਅਦ ਫਲਾਈਟ ਅੰਮ੍ਰਿਤਸਰ ਲਈ ਰਵਾਨਾ ਹੋਈ, ਪਰ ਸ਼ਾਮ ਕਰੀਬ 4.15 ਵਜੇ ਇਹ ਫਲਾਈਟ ਫਿਰ ਪਾਕਿ ਸਰਹੱਦ ਵਿੱਚ ਦਾਖ਼ਲ ਹੋ ਗਈ। ਜੰਮੂ-ਕਸ਼ਮੀਰ ਦੇ ਕਡਿਆਲ ਕਲਾਂ ਵਿੱਚ ਦਾਖਲ ਹੋਈ ਇਹ ਉਡਾਣ ਸ਼ਾਮ 4.25 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਅਜਨਾਲਾ ਦੇ ਕੱਕੜ ਪਿੰਡ ਨੇੜੇ ਭਾਰਤੀ ਸਰਹੱਦ ਵੱਲ ਪਰਤ ਗਈ।