ਨਵੀਂ ਦਿੱਲੀ/ਤਿਰੂਵਨੰਤਪੁਰਮ: ਕੇਰਲ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਵੀਰਵਾਰ ਨੂੰ ਕਿਹਾ ਕਿ ਵਿਦੇਸ਼ ਤੋਂ ਪਰਤਣ ਵਾਲੇ 35 ਸਾਲਾ ਵਿਅਕਤੀ ਨੂੰ ਮੰਕੀਪੌਕਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਾਂਚ ਵਿਚ ਉਸ ਵਿਅਕਤੀ ਵਿਚ ਮੰਕੀਪੌਕਸ ਦੀ ਪੁਸ਼ਟੀ ਹੋਈ ਹੈ। ਕੇਰਲ ਅਤੇ ਦੇਸ਼ ਵਿੱਚ ਮੰਕੀਪੌਕਸ ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ, ਕੇਰਲ ਦੇ ਸਿਹਤ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੰਕੀਪੌਕਸ ਦੇ ਲੱਛਣਾਂ ਵਾਲੇ ਵਿਅਕਤੀ ਦੇ ਨਮੂਨੇ ਲਏ ਗਏ ਹਨ ਅਤੇ ਨਮੂਨੇ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਨੂੰ ਭੇਜੇ ਗਏ ਹਨ।
ਵੀਨਾ ਜਾਰਜ ਨੇ ਦੱਸਿਆ ਕਿ ਵਿਅਕਤੀ ਵਿੱਚ ਮੰਕੀਪੌਕਸ ਦੇ ਲੱਛਣ ਦਿਖਾਈ ਦਿੱਤੇ ਅਤੇ ਉਹ ਵਿਦੇਸ਼ ਵਿੱਚ ਮੰਕੀਪੌਕਸ ਦੇ ਇੱਕ ਮਰੀਜ਼ ਦੇ ਨਜ਼ਦੀਕੀ ਸੰਪਰਕ ਵਿੱਚ ਸੀ। ਵੀਨਾ ਜਾਰਜ ਨੇ ਕਿਹਾ, 'ਮੰਕੀਪੌਕਸ ਦੇ ਇੱਕ ਮਾਮਲੇ ਦੀ ਪੁਸ਼ਟੀ ਹੋਈ ਹੈ। ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸੰਕਰਮਣ ਹੋਰ ਲੋਕਾਂ ਤੱਕ ਨਾ ਫੈਲੇ। ਪਰ, ਸੰਕਰਮਿਤ ਪਾਇਆ ਗਿਆ ਵਿਅਕਤੀ ਆਪਣੇ ਮਾਪਿਆਂ ਸਮੇਤ ਦੋ ਤੋਂ ਤਿੰਨ ਵਿਅਕਤੀਆਂ ਦੇ ਨਜ਼ਦੀਕੀ ਸੰਪਰਕ ਵਿੱਚ ਵੀ ਰਿਹਾ ਹੈ।
ਕੇਰਲ ਦੇ ਸਿਹਤ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ 'ਸੰਕਰਮਿਤ ਵਿਅਕਤੀ ਦੇ ਨਜ਼ਦੀਕੀ ਸੰਪਰਕ 'ਚ ਆਏ ਕੁੱਲ 11 ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚ ਉਸ ਦੇ ਮਾਤਾ-ਪਿਤਾ, ਟੈਕਸੀ ਡਰਾਈਵਰ ਅਤੇ ਆਟੋ ਡਰਾਈਵਰ ਤੋਂ ਇਲਾਵਾ ਜਹਾਜ਼ 'ਚ ਉਸ ਦੇ ਨਾਲ ਬੈਠੇ ਲੋਕ ਸ਼ਾਮਲ ਹਨ। ਅਸੀਂ ਇਸ ਬਾਰੇ ਸਾਰਿਆਂ ਨੂੰ ਸੂਚਿਤ ਕਰ ਰਹੇ ਹਾਂ। ਮੰਤਰੀ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। ਹਾਲਾਂਕਿ ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਇਸ ਦੌਰਾਨ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਇੱਕ ਉੱਚ ਪੱਧਰੀ ਕੇਂਦਰੀ ਟੀਮ ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਭੇਜ ਰਿਹਾ ਹੈ ਤਾਂ ਕਿ ਉੱਥੇ ਮੰਕੀਪੌਕਸ ਦਾ ਇੱਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਜ ਦੇ ਸਿਹਤ ਅਧਿਕਾਰੀਆਂ ਨਾਲ ਸਹਿਯੋਗ ਕੀਤਾ ਜਾ ਸਕੇ। ਇੱਕ ਸਰਕਾਰੀ ਰੀਲੀਜ਼ ਦੇ ਅਨੁਸਾਰ ਕੇਰਲ ਜਾਣ ਵਾਲੀ ਕੇਂਦਰੀ ਟੀਮ ਵਿੱਚ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐਨਸੀਡੀਸੀ), ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਮਾਹਿਰਾਂ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲੇ ਦੇ ਮਾਹਿਰ ਸ਼ਾਮਲ ਹਨ।