ਹੈਦਰਾਬਾਦ ਡੈਸਕ: ਖਾਲਿਸਤਾਨੀ ਸਮਰਥਕਾਂ ਅਤੇ ਅੱਤਵਾਦੀਆਂ ਨੂੰ ਲੈ ਕੇ ਇਨ੍ਹੀਂ ਦਿਨੀਂ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਦੋਵੇਂ ਦੇਸ਼ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਆਹਮੋ-ਸਾਹਮਣੇ ਹਨ। ਇਸ ਸਭ ਦੇ ਵਿਚਕਾਰ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਇੱਕ ਲੱਖ ਤੋਂ ਵੱਧ ਭਾਰਤੀਆਂ ਨੇ ਕੈਨੇਡੀਅਨ ਨਾਗਰਿਕਤਾ ਲਈ ਹੈ।
ਅਮਰੀਕਾ ਤੋਂ ਬਾਅਦ ਕੈਨੇਡਾ ਭਾਰਤੀਆਂ ਦੀ ਪਹਿਲੀ ਪਸੰਦ: ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਜਨਵਰੀ 2018 ਤੋਂ ਜੂਨ 2023 ਦਰਮਿਆਨ 1.6 ਲੱਖ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ। ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ਵਿੱਚੋਂ ਲਗਭਗ 20 ਪ੍ਰਤੀਸ਼ਤ ਨੇ ਕੈਨੇਡੀਅਨ ਨਾਗਰਿਕਤਾ ਨੂੰ ਚੁਣਿਆ। ਇਨ੍ਹਾਂ ਪੰਜ ਸਾਲਾਂ ਵਿੱਚ ਅਮਰੀਕਾ ਤੋਂ ਬਾਅਦ ਭਾਰਤੀਆਂ ਨੇ ਕੈਨੇਡਾ ਵਿੱਚ ਵਸਣ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਇਨ੍ਹਾਂ ਤੋਂ ਇਲਾਵਾ ਆਸਟ੍ਰੇਲੀਆ ਅਤੇ ਬ੍ਰਿਟੇਨ ਵੀ ਭਾਰਤੀਆਂ ਦੇ ਪਸੰਦੀਦਾ ਦੇਸ਼ ਹਨ।
58 ਫੀਸਦੀ ਭਾਰਤੀਆਂ ਨੇ ਅਮਰੀਕਾ ਅਤੇ ਕੈਨੇਡਾ ਨੂੰ ਚੁਣਿਆ: ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜਨਵਰੀ 2018 ਤੋਂ ਜੂਨ 2023 ਤੱਕ ਕੁੱਲ ਮਿਲਾ ਕੇ ਲਗਭਗ 8.4 ਲੱਖ ਭਾਰਤੀਆਂ ਨੇ ਆਪਣੀ ਭਾਰਤੀ ਨਾਗਰਿਕਤਾ ਛੱਡ ਦਿੱਤੀ ਹੈ ਅਤੇ ਇਹ ਭਾਰਤੀ 114 ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਬਣ ਗਏ। ਜਿਨ੍ਹਾਂ ਵਿੱਚੋਂ 58 ਫੀਸਦੀ ਉਹ ਲੋਕ ਹਨ ਜਿਨ੍ਹਾਂ ਨੇ ਸਿਰਫ਼ ਅਮਰੀਕਾ ਜਾਂ ਕੈਨੇਡਾ ਨੂੰ ਹੀ ਚੁਣਿਆ ਹੈ। ਭਾਰਤੀ ਨਾਗਰਿਕਤਾ ਤਿਆਗਣ ਵਾਲੇ ਲੋਕਾਂ ਦੀ ਗਿਣਤੀ 2018 ਵਿੱਚ 1.3 ਲੱਖ ਤੋਂ ਵਧ ਕੇ 2022 ਵਿੱਚ 2.2 ਲੱਖ ਹੋ ਗਈ। 2023 ਦੀ ਪਹਿਲੀ ਛਿਮਾਹੀ ਵਿੱਚ 87 ਹਜ਼ਾਰ ਤੋਂ ਵੱਧ ਭਾਰਤੀਆਂ ਨੇ ਵਿਦੇਸ਼ੀ ਨਾਗਰਿਕਤਾ ਦੀ ਚੋਣ ਕੀਤੀ ਹੈ।
ਕੈਨੇਡਾ ਅਤੇ ਅਮਰੀਕਾ 'ਚ ਕਿਉਂ ਵਸ ਰਹੇ ਹਨ ਭਾਰਤੀ:ਇਮੀਗ੍ਰੇਸ਼ਨ ਮਾਹਰ ਨੇ ਦੱਸਿਆ ਕਿ ਭਾਰਤੀ ਵਿਕਸਤ ਦੇਸ਼ਾਂ ਦੀ ਨਾਗਰਿਕਤਾ ਲੈਣਾ ਪਸੰਦ ਕਰਦੇ ਹਨ ਜਿੱਥੇ ਅੰਗਰੇਜ਼ੀ ਮੁੱਖ ਭਾਸ਼ਾ ਹੈ। ਪਰਵਾਸ ਦੇ ਕਈ ਕਾਰਨ ਹਨ। ਇਨ੍ਹਾਂ ਵਿੱਚ ਬੱਚਿਆਂ ਦੀ ਸਿੱਖਿਆ, ਰੁਜ਼ਗਾਰ ਦੇ ਮੌਕੇ ਅਤੇ ਮਿਆਰੀ ਸਿਹਤ ਸੰਭਾਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ ਲੋਕਾਂ ਲਈ ਰੈਜ਼ੀਡੈਂਸੀ ਅਤੇ ਨਾਗਰਿਕਤਾ ਪ੍ਰਾਪਤ ਕਰਨਾ ਆਸਾਨ ਅਤੇ ਜਲਦੀ ਬਣਾ ਕੇ ਵਿਦੇਸ਼ੀ ਨਾਗਰਿਕਾਂ ਨੂੰ ਆਕਰਸ਼ਿਤ ਕਰ ਰਹੇ ਹਨ।