ਨਵੀਂ ਦਿੱਲੀ: ਰੂਸ ਦੀ ਬੰਬਾਰੀ ਦਰਮਿਆਨ ਭਾਰਤ ਲਈ ਯੂਕਰੇਨ ਤੋਂ ਬੁਰੀ ਖ਼ਬਰ ਆ ਰਹੀ ਹੈ। ਬੰਬ ਧਮਾਕੇ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵਿੱਟਰ 'ਤੇ ਇਹ ਦੁਖਦ ਖਬਰ ਸਾਂਝੀ ਕੀਤੀ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਾਵੇਰੀ ਜ਼ਿਲੇ ਦੇ ਨਿਵਾਸੀ ਨਵੀਨ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨਵੀਨ ਚੌਥੇ ਸਾਲ ਦਾ ਵਿਦਿਆਰਥੀ ਸੀ।
ਰੂਸ ਯੂਕਰੇਨ ਯੁੱਧ ਵਿਚਾਲੇ ਭਾਰਤੀ ਵਿਦਿਆਰਥੀ ਦੀ ਮੌਤ ਮ੍ਰਿਤਕ ਨਵੀਨ ਦੇ ਘਰ ਤੋਂ ਹਾਲਾਤ ਪੁੱਤਰ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਖ਼ਬਰ ਸੁਣਨ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਵਿਦਿਆਰਥੀ ਦੀ ਪਛਾਣ ਨਵੀਨ ਵਜੋਂ ਹੋਈ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦਿੱਤੀ ਹੈ। ਅੱਜ ਸਵੇਰ ਤੋਂ ਰੂਸ ਨੇ ਯੂਕਰੇਨ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਦਾ ਟਵੀਟ
ਬਾਗਚੀ ਨੇ ਟਵੀਟ ਕੀਤਾ, 'ਅਸੀਂ ਡੂੰਘੇ ਦੁੱਖ ਨਾਲ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕਿਵ 'ਚ ਗੋਲੀਬਾਰੀ 'ਚ ਇਕ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ। ਵਿਦੇਸ਼ ਮੰਤਰਾਲਾ ਪੀੜਤ ਪਰਿਵਾਰ ਦੇ ਸੰਪਰਕ 'ਚ ਹੈ। ਅਸੀਂ ਪਰਿਵਾਰ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਾਂ।
ਕਾਂਗਰਸੀ ਸ਼ਸ਼ੀ ਥਰੂਰ ਦਾ ਟਵੀਟ
ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਟਵੀਟ ਕਰਦਿਆ ਲਿਖਿਆ, "ਇਹ ਇੱਕ ਭਿਆਨਕ ਦੁਖਾਂਤ ਹੈ। ਮੇਰਾ ਦਿਲ ਦੁਖੀ ਪਰਿਵਾਰ ਅਤੇ ਯੂਕਰੇਨ ਵਿੱਚ ਅਜੇ ਵੀ ਫਸੇ ਸਾਰੇ ਲੋਕਾਂ ਦੇ ਚਿੰਤਤ ਪਰਿਵਾਰਾਂ ਪ੍ਰਤੀ ਹੈ। ਸਾਨੂੰ ਉਨ੍ਹਾਂ ਨੂੰ ਘਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।"
ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੂਰਜੇਵਾਲਾ ਦਾ ਟਵੀਟ
ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਨਵੀਨ ਦੇ ਮੌਤ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਪੀਐਮ ਮੋਦੀ ਉੱਤੇ ਨਿਸ਼ਾਨੇ ਸਾਧੇ ਹਨ।
ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਕੀਤਾ ਟਵੀਟ
ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਭਾਰਤੀ ਵਿਦਿਆਰਥੀ ਨਵੀਨ ਦੀ ਯੂਕਰੇਨ ਵਿੱਚ ਹੋਈ ਮੌਤ ਉੱਤੇ ਦੁੱਖ ਪ੍ਰਗਟ ਕਰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ, "ਨਵੀਨ ਦੇ ਪਰਿਵਾਰ ਨੂੰ ਹੌਂਸਲਾ ਰੱਖਣ ਦੀ ਹਿੰਮਤ ਦਿੱਤੀ ਅਤੇ ਮੈਂ ਦੁਹਰਾਉਂਦਾ ਹਾਂ, ਭਾਰਤ ਸਰਕਾਰ ਨੂੰ ਸੁਰੱਖਿਅਤ ਨਿਕਾਸੀ ਲਈ ਰਣਨੀਤਕ ਯੋਜਨਾ ਦੀ ਲੋੜ ਹੈ। ਹਰ ਮਿੰਟ ਕੀਮਤੀ ਹੈ।"
ਕਰਨਾਟਕ ਸੀਐਮ ਬੋਮਈ ਨੇ ਮ੍ਰਿਤਕ ਵਿਦਿਆਰਥੀ ਦੇ ਪਿਤਾ ਨੂੰ ਭਰੋਸਾ ਦਿਵਾਇਆ
ਯੂਕਰੇਨ ਵਿੱਚ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮੌਤ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਉਸਦੇ ਪਿਤਾ ਨਾਲ ਗੱਲ ਕੀਤੀ। ਬੋਮਈ ਨੇ ਕਿਹਾ ਕਿ ਨਵੀਨ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਸਾਰੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਗੱਲਬਾਤ ਕਰ ਰਹੇ ਹਨ।
ਇਹ ਵੀ ਪੜ੍ਹੋ:ਭਾਰਤੀ ਵਿਦਿਆਰਥੀ ਦੀ ਕਿਵੇ ਹੋਈ ਮੌਤ, ਦੇਖੋ LIVE VIDEO !
ਲਗਭਗ 14,000 ਭਾਰਤੀ ਨਾਗਰਿਕ ਫਸੇ
ਲਗਭਗ 14,000 ਭਾਰਤੀ ਨਾਗਰਿਕ ਅਜੇ ਵੀ ਯੁੱਧ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਹੋਏ ਹਨ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਸਾਰੇ ਭਾਰਤੀ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੀ ਰਾਜਧਾਨੀ ਛੱਡਣ ਦੀ ਸਲਾਹ ਦਿੱਤੀ, ਕਿਉਂਕਿ ਰੂਸੀ ਬਲਾਂ ਦੇ ਹਮਲਿਆਂ ਕਾਰਨ ਕੀਵ ਵਿੱਚ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਅੱਜ ਸਵੇਰ ਤੱਕ ਯੂਕਰੇਨ ਤੋਂ 1600 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਕੱਢਿਆ ਜਾ ਚੁੱਕਾ ਹੈ।
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਵਧਦੀ ਜਾ ਰਹੀ
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਵਧਦੀ ਜਾ ਰਹੀ ਹੈ। ਸੋਮਵਾਰ ਨੂੰ ਬੇਲਾਰੂਸ 'ਚ ਦੋਵਾਂ ਦੇਸ਼ਾਂ ਵਿਚਾਲੇ ਹੋਈ ਗੱਲਬਾਤ ਬੇਕਾਰ ਰਹੀ। ਇਸ ਦੌਰਾਨ ਰੂਸ ਨੇ ਵੀ ਪ੍ਰਮਾਣੂ ਟ੍ਰਾਈਡ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ 64 ਕਿਲੋਮੀਟਰ ਲੰਬਾ ਰੂਸੀ ਫੌਜੀ ਕਾਫਲਾ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਵਧ ਰਿਹਾ ਹੈ। ਇਸ ਦੀਆਂ ਸੈਟੇਲਾਈਟ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਐਮਰਜੈਂਸੀ ਬਹਿਸ ਦੇ ਪੱਖ ਵਿੱਚ 29 ਵੋਟਾਂ ਪਈਆਂ ਹਨ। ਭਾਰਤ ਸਮੇਤ 13 ਦੇਸ਼ਾਂ ਨੇ ਇਸ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।
'ਖਾਰਕਿਵ ਰੂਸ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ'
ਟੇਰੇਖੋਵ ਨੇ ਨੋਟ ਕੀਤਾ ਕਿ ਰੂਸੀ ਫੌਜਾਂ ਲਗਾਤਾਰ ਸ਼ਹਿਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਤੋੜ-ਫੋੜ ਕਰਨ ਵਾਲੇ ਸਮੂਹ ਕੰਮ ਕਰ ਰਹੇ ਹਨ, ਪਰ ਖਾਰਕਿਵ ਜਿੱਤਣਗੇ। ਯੂਕਰੇਨੀ ਸੋਸ਼ਲ ਨੈਟਵਰਕਸ 'ਤੇ ਪੋਸਟ ਕੀਤੇ ਗਏ ਵਿਡੀਓਜ਼ ਖਾਰਕੀਵ ਵਿੱਚ ਸੋਵੀਅਤ ਯੁੱਗ ਦੀ ਉੱਚੀ-ਉੱਚੀ ਪ੍ਰਸ਼ਾਸਨਿਕ ਇਮਾਰਤ ਵਿੱਚ ਇੱਕ ਵਿਸ਼ਾਲ ਧਮਾਕਾ ਦਿਖਾਉਂਦੇ ਹਨ, ਜਿਸ ਨਾਲ ਇਸਦੇ ਨੇੜੇ ਖੜ੍ਹੀਆਂ ਕਈ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਧਮਾਕੇ ਨਾਲ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਰੂਸੀ ਫੌਜਾਂ ਨੂੰ ਖਾਰਕਿਵ ਵਿੱਚ ਅੱਗੇ ਵਧਣ ਤੋਂ ਰੋਕਣ ਦੇ ਯਤਨ ਜਾਰੀ
ਖਾਰਕਿਵ ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਹ ਸਿਨੇਹੁਬੋਵ ਨੇ ਕਿਹਾ ਕਿ ਰੂਸ ਨੇ ਮੰਗਲਵਾਰ ਨੂੰ ਖਾਰਕਿਵ ਦੇ ਦਿਲ ਵਿਚ ਰਿਹਾਇਸ਼ੀ ਇਮਾਰਤਾਂ ਵਾਲੀ ਇਕ ਪ੍ਰਸ਼ਾਸਨਿਕ ਇਮਾਰਤ 'ਤੇ ਗੋਲੀਬਾਰੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਖਾਰਕਿਵ 'ਚ ਗੋਲੀਬਾਰੀ 'ਚ ਘੱਟੋ-ਘੱਟ 11 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਉਸ ਨੇ ਕਿਹਾ ਕਿ ਯੂਕਰੇਨ ਦੀ ਫੌਜ 1.4 ਮਿਲੀਅਨ ਦੇ ਸ਼ਹਿਰ ਵਿਚ ਅੱਗੇ ਵਧਣ ਦੇ ਰੂਸ ਦੇ ਯਤਨਾਂ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨਾਟੋ ਮੁਖੀ ਦੀ ਅਪੀਲ, ਰੂਸ ਜੰਗ ਖ਼ਤਮ ਕਰੇ
ਨਾਟੋ ਦੇ ਮੁਖੀ ਜੇਂਸ ਸਟੋਲਟਨਬਰਗ ਨੇ ਰੂਸ ਨੂੰ ਯੂਕਰੇਨ ਵਿੱਚ ਜੰਗ ਖਤਮ ਕਰਨ ਅਤੇ ਆਪਣੀਆਂ ਸਾਰੀਆਂ ਫੌਜਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰੂਸ ਅਜਿਹਾ ਕਰਦਾ ਹੈ ਤਾਂ ਅਸੀਂ ਕੀਵ ਨੂੰ ਸਮਰਥਨ ਦੇਣ ਲਈ ਫੌਜ ਜਾਂ ਲੜਾਕੂ ਜਹਾਜ਼ ਨਹੀਂ ਭੇਜਾਂਗੇ। ਕਿਉਂਕਿ, ਅਸੀਂ ਵਿਵਾਦ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਨੇ ਪੋਲਿਸ਼ ਰਾਸ਼ਟਰਪਤੀ ਆਂਦਰੇਜ ਡੂਡਾ ਨਾਲ ਮੁਲਾਕਾਤ 'ਚ ਕਿਹਾ ਕਿ ਰੂਸ ਦਾ ਹਮਲਾ ਪੂਰੀ ਤਰ੍ਹਾਂ ਨਾਲ ਅਸਵੀਕਾਰਨਯੋਗ ਹੈ ਅਤੇ ਇਸ 'ਚ ਬੇਲਾਰੂਸ ਵੀ ਸ਼ਾਮਲ ਹੈ।
ਕ੍ਰੇਮਲਿਨ ਦਾ ਕਹਿਣਾ, "ਪੱਛਮੀ ਪਾਬੰਦੀਆਂ ਕਦੇ ਵੀ ਯੂਕਰੇਨ 'ਤੇ ਰੂਸ ਦੇ ਸਟੈਂਡ ਨੂੰ ਨਹੀਂ ਬਦਲ ਸਕਦੀਆਂ"
ਜਦੋਂ ਤੋਂ ਰੂਸ ਨੇ ਯੂਕਰੇਨ 'ਤੇ ਹਮਲਾ ਕਰਨਾ ਸ਼ੁਰੂ ਕੀਤਾ ਹੈ, ਪੱਛਮੀ ਦੇਸ਼ ਉਸ 'ਤੇ ਪਾਬੰਦੀਆਂ ਲਗਾ ਰਹੇ ਹਨ। ਇਸ ਬਾਰੇ ਕ੍ਰੇਮਲਿਨ ਨੇ ਕਿਹਾ ਹੈ ਕਿ ਪੱਛਮੀ ਪਾਬੰਦੀਆਂ ਕਦੇ ਵੀ ਰੂਸ ਨੂੰ ਯੂਕਰੇਨ 'ਤੇ ਆਪਣਾ ਰੁਖ ਬਦਲਣ ਲਈ ਮਜਬੂਰ ਨਹੀਂ ਕਰ ਸਕਣਗੀਆਂ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਮਾਸਕੋ ਅਤੇ ਕੀਵ ਵਿਚਾਲੇ ਸਿੱਧਾ ਸੰਚਾਰ ਸ਼ੁਰੂ ਹੋ ਗਿਆ ਹੈ, ਪਰ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਵਿਚਾਲੇ ਗੱਲਬਾਤ ਦੀ ਕੋਈ ਯੋਜਨਾ ਨਹੀਂ ਹੈ।
ਜ਼ੇਲੇਂਸਕੀ ਨੇ ਰੂਸ ਦੇ ਹਮਲੇ ਨੂੰ ਅੱਤਵਾਦ ਕਿਹਾ
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸੀ ਮਿਜ਼ਾਈਲ ਖਾਰਕਿਵ ਸ਼ਹਿਰ ਦੇ ਸੈਂਟਰਲ ਸਕੁਏਅਰ 'ਤੇ ਦਾਗੀ। ਜ਼ੇਲੇਂਸਕੀ ਨੇ ਇਸ ਨੂੰ ਬਿਨਾਂ ਸ਼ੱਕ ਅੱਤਵਾਦ ਕਿਹਾ ਹੈ।