ਭਰਤਪੁਰ:ਭਾਰਤੀ ਹਵਾਈ ਸੈਨਾ ਦਾ ਮਿਗ ਜਹਾਜ਼ ਸ਼ਨੀਵਾਰ ਸਵੇਰੇ ਜ਼ਿਲ੍ਹੇ ਦੇ ਉਚੈਨ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਤੁਰੰਤ ਮੌਕੇ 'ਤੇ ਪਹੁੰਚ ਗਿਆ। ਹਵਾਈ ਫੌਜ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਸੰਭਾਵਨਾ ਹੈ ਕਿ ਇਸ ਜਹਾਜ਼ ਨੇ ਉੱਤਰ ਪ੍ਰਦੇਸ਼ ਦੇ ਆਗਰਾ ਏਅਰਫੋਰਸ ਸਟੇਸ਼ਨ ਤੋਂ ਉਡਾਣ ਭਰੀ ਸੀ। ਫਿਲਹਾਲ ਹਵਾਈ ਸੈਨਾ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।
ਡਿਫੈਂਸ ਪੀ.ਆਰ.ਓ ਕਰਨਲ ਅਮਿਤਾਭ ਸ਼ਰਮਾ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜਾ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਪਿੰਡ ਨਗਲਾ ਬੀਜਾ ਦੇ ਲੋਕਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 10.30 ਵਜੇ ਅਚਾਨਕ ਅਸਮਾਨ ਤੋਂ ਉੱਡ ਰਿਹਾ ਇੱਕ ਲੜਾਕੂ ਜਹਾਜ਼ ਪਿੰਡ ਦੀ ਆਬਾਦੀ ਤੋਂ ਬਾਹਰ ਖੇਤਾਂ ਵਿੱਚ ਡਿੱਗ ਪਿਆ। ਜਹਾਜ਼ ਹਾਦਸੇ ਦੀ ਆਵਾਜ਼ ਨਾਲ ਪੂਰੇ ਪਿੰਡ ਵਿੱਚ ਹਲਚਲ ਮਚ ਗਈ। ਮੌਕੇ 'ਤੇ ਪਿੰਡ ਦੇ ਸੈਂਕੜੇ ਲੋਕ ਇਕੱਠੇ ਹੋ ਗਏ, ਜਹਾਜ਼ ਦੇ ਟੁਕੜੇ ਪਿੰਡ ਦੇ ਬਾਹਰ ਹਰ ਪਾਸੇ ਖਿੱਲਰੇ ਪਏ ਸਨ।