ਮੋਹਾਲੀ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਮੋਹਾਲੀ ਤੋਂ ਹੋ ਰਹੀ ਹੈ। ਇਹ ਮੈਚ ਦੋ ਕਾਰਨਾਂ ਕਰਕੇ ਖਾਸ ਹੈ, ਇੱਕ ਤਾਂ ਵਿਰਾਟ ਕੋਹਲੀ ਦਾ 100ਵਾਂ ਟੈਸਟ ਮੈਚ ਹੈ, ਦੂਜਾ ਇਹ ਰੋਹਿਤ ਦਾ ਬਤੌਰ ਕਪਤਾਨ ਪਹਿਲਾ ਟੈਸਟ ਮੈਚ ਹੈ।
ਇਸ ਮੈਚ ਤੋਂ ਪਹਿਲਾਂ ਨਵੇਂ ਚੁਣੇ ਗਏ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਟਾਸ 'ਤੇ ਰੋਹਿਤ ਨੇ ਕਿਹਾ ਕਿ, "ਅਸੀਂ ਪਹਿਲਾਂ ਬੱਲੇਬਾਜ਼ੀ ਕਰਾਂਗੇ। ਭਾਰਤੀ ਹਾਲਾਤ ਅਜਿਹੇ ਹਨ ਕਿ ਇਹ ਜ਼ਰੂਰੀ ਹੈ ਕਿ ਅਸੀਂ ਬੋਰਡ 'ਤੇ ਦੌੜਾਂ ਬਣਾਈਏ। ਕਪਤਾਨ ਬਣਨਾ ਬਹੁਤ ਸਨਮਾਨ ਦੀ ਗੱਲ ਹੈ। ਇਹ ਉਹ ਚੀਜ਼ ਹੈ ਜਿਸ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਅਸੀਂ ਜਾਣਦੇ ਹਾਂ ਇਹ ਟੈਸਟ ਖਾਸ ਹੈ। ਇਹ ਵਿਰਾਟ ਕੋਹਲੀ ਦਾ 100ਵਾਂ ਟੈਸਟ ਹੈ ਅਤੇ ਅਸੀਂ ਸਾਰੇ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।"
ਕਰੁਣਾਰਤਨੇ ਨੇ ਟਾਸ ਦੇ ਸਮੇਂ ਕਿਹਾ, "ਅਸੀਂ ਵੀ ਪਹਿਲਾਂ ਬੱਲੇਬਾਜ਼ੀ ਕਰਦੇ। ਸਾਡੀ ਟੀਮ 'ਚ 3 ਤੇਜ਼ ਗੇਂਦਬਾਜ਼ ਹਨ ਪਰ ਇਹ ਵਧੀਆ ਵਿਕਟ ਹੈ। ਅਸੀਂ 300 ਟੈਸਟ ਖੇਡੇ ਹਨ ਪਰ ਅਸੀਂ ਭਾਰਤ 'ਚ ਕਦੇ ਨਹੀਂ ਜਿੱਤੇ। ਸਾਡੀ ਟੀਮ ਚੰਗੀ ਹੈ। ਅਸੀਂ ਤਿਆਰ ਹਾਂ। ਇਸ ਵਾਰ।"
ਪੰਜਾਬ ’ਚ ਮੌਸਮ ਦਾ ਹਾਲ
ਇੱਕ ਪਾਸੇ ਜਿੱਥੇ ਭਾਰਤੀ ਟੀਮ ਮੈਚ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਉਤਸ਼ਾਹਿਤ ਹੈ, ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਵੀ ਕਿਧਰੇ ਨਾ ਕਿਧਰੇ ਗਲਤ ਸਾਬਿਤ ਹੋ ਰਹੀ ਹੈ। ਦੱਸ ਦਈਏ ਕਿ ਮੌਸਮ ਵਿਭਾਗ ਨੇ ਬੀਤੇ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ ਪਰ ਮੀਂਹ ਨਹੀਂ ਪਿਆ। ਹਾਲਾਂਕਿ ਚੰਡੀਗੜ੍ਹ ’ਚ ਹਲਕੀ-ਹਲਕੀ ਬੁੰਦਾਬਾਂਦੀ ਜਰੂਰ ਹੋਈ ਸੀ। ਜਿਸ ਦੇ ਕਾਰਨ ਮੌਮਸ ਠੰਡਾ ਹੋ ਗਿਆ ਹੈ।