ਨਵੀਂ ਦਿੱਲੀ:ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਭਾਰਤ ਦੀ ਆਬਾਦੀ 142.86 ਕਰੋੜ ਹੋ ਗਈ ਹੈ। ਭਾਰਤ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਵ ਆਬਾਦੀ ਡੈਸ਼ਬੋਰਡ ਅਨੁਸਾਰ ਚੀਨ ਦੀ ਆਬਾਦੀ 142.57 ਕਰੋੜ ਹੈ। UNFPA ਦੀ ਇੱਕ ਨਵੀਂ ਰਿਪੋਰਟ ਅਨੁਸਾਰ ਭਾਰਤ ਦੀ 25 ਫੀਸਦੀ ਆਬਾਦੀ 0-14 ਸਾਲ ਦੀ ਉਮਰ ਵਰਗ ਵਿੱਚ ਹੈ, 18 ਫੀਸਦੀ 10 ਤੋਂ 19 ਸਾਲ ਦੀ ਉਮਰ ਵਰਗ ਵਿੱਚ, 26 ਫੀਸਦੀ 10 ਤੋਂ 24 ਸਾਲ ਦੀ ਉਮਰ ਵਰਗ ਵਿੱਚ, 68 ਫੀਸਦੀ 15 ਤੋਂ 64 ਸਾਲ ਦੇ ਉਮਰ ਵਰਗ ਵਿੱਚ ਅਤੇ 65 ਸਾਲ ਤੋਂ ਉੱਪਰ 7 ਫ਼ੀਸਦੀ ।
ਭਾਰਤ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਦੀ ਸੂਚੀ ਵਿਚ ਸਿਖਰ 'ਤੇ: ਸੰਯੁਕਤ ਰਾਸ਼ਟਰ 1950 ਦੇ ਦਹਾਕੇ ਤੋਂ ਆਬਾਦੀ ਦੇ ਅੰਕੜੇ ਇਕੱਠੇ ਕਰ ਰਿਹਾ ਹੈ। ਇਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਦੀ ਸੂਚੀ ਵਿਚ ਸਿਖਰ 'ਤੇ ਆਇਆ ਹੈ। ਇੱਕ ਸਾਲ ਪਹਿਲਾਂ 1960 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਚੀਨ ਦੀ ਆਬਾਦੀ ਵਿੱਚ ਗਿਰਾਵਟ ਆਈ ਹੈ। 2016 ਵਿੱਚ ਬੀਜਿੰਗ ਨੇ ਆਪਣੀ ਸਖ਼ਤ ਇਕ-ਬੱਚਾ ਨੀਤੀ ਖ਼ਤਮ ਕਰ ਦਿੱਤੀ ਸੀ। ਆਬਾਦੀ ਦੇ ਵਿਸਫੋਟ ਦੇ ਡਰ ਕਾਰਨ ਇਹ ਨੀਤੀ 1980 ਦੇ ਦਹਾਕੇ ਵਿੱਚ ਲਾਗੂ ਕੀਤੀ ਗਈ ਸੀ। 2021 ਵਿੱਚ ਜੋੜਿਆਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਚੀਨ ਅਬਾਦੀ 'ਚ ਗਿਰਾਵਟ ਵਰਗੇ ਸੰਕਟ ਦਾ ਕਰ ਰਿਹਾ ਸਾਹਮਣਾ: ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਅਬਾਦੀ 'ਚ ਗਿਰਾਵਟ ਵਰਗੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟ ਦੇ ਮੁਤਾਬਕ ਚੀਨ ਦੇ ਕਰਮਚਾਰੀਆਂ ਦੀ ਉਮਰ ਅਤੇ ਪ੍ਰਜਨਨ ਦਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ 340 ਮਿਲੀਅਨ ਦੀ ਅੰਦਾਜ਼ਨ ਆਬਾਦੀ ਦੇ ਨਾਲ ਤੀਜੇ ਨੰਬਰ 'ਤੇ ਹੈ।