ਨਵੀਂ ਦਿੱਲੀ: ਵਿਗੜਦੇ ਕੂਟਨੀਤਕ ਸਬੰਧਾਂ ਕਾਰਨ ਵਧਦੇ ਤਣਾਅ ਦੇ ਸੰਕੇਤ ਵਿੱਚ ਭਾਰਤ ਨੇ ਮੰਗਲਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau ) ਵੱਲੋਂ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਡਿਪਲੋਮੇਟ ਉੱਤੇ ਲਾਏ ਗਏ ਇਲਜ਼ਾਮਾਂ ਨੂੰ ਮੁੱਢ ਤੋਂ ਨਕਾਰ ਦਿੱਤਾ ਹੈ। ਕਤਲ ਦੇ ਇਲਜ਼ਾਮਾਂ ਤਹਿਤ ਕੈਨੇਡਾ ਸਰਕਾਰ ਨੇ ਭਾਰਤ ਦੇ ਚੋਟੀ ਦੇ ਅੰਬੈਸਡਰ ਨੂੰ ਕੈਨੇਡਾ ਤੋਂ ਕੱਢ ਦਿੱਤਾ ਹੈ। (India rejects allegations by Canada)
ਮੁੱਢੋ ਨਕਾਰੇ ਇਲਜ਼ਾਮ: ਕੈਨੇਡਾ ਵੱਲੋਂ ਭਾਰਤੀ ਡਿਪਲੋਮੈਟ ਨੂੰ ਕੱਢਣ ਤੋਂ ਤੁਰੰਤ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਇੱਕ ਬਿਆਨ ਵਿੱਚ ਇਲਜ਼ਾਮਾਂ ਨੂੰ 'ਬੇਤੁਕਾ ਅਤੇ ਪ੍ਰੇਰਿਤ' ਕਰਾਰ ਦਿੱਤਾ। ਐਮਈਏ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, “ਅਸੀਂ ਉਨ੍ਹਾਂ ਦੀ ਸੰਸਦ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਬਿਆਨ ਦੇ ਨਾਲ-ਨਾਲ ਉਨ੍ਹਾਂ ਦੇ ਵਿਦੇਸ਼ ਮੰਤਰੀ ਦੇ ਬਿਆਨ ਨੂੰ ਦੇਖਿਆ ਅਤੇ ਰੱਦ ਕੀਤਾ ਹੈ।, "ਕੈਨੇਡਾ ਅੰਦਰ ਕਿਸੇ ਵੀ ਹਿੰਸਾ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਇਲਜ਼ਾਮ ਬੇਤੁਕੇ ਹਨ।" ਅਧਿਕਾਰਤ ਰੀਲੀਜ਼ ਵਿੱਚ ਕਿਹਾ ਗਿਆ ਹੈ, "ਕੈਨੇਡੀਅਨ ਪ੍ਰਧਾਨ ਮੰਤਰੀ ਦੁਆਰਾ ਸਾਡੇ ਪ੍ਰਧਾਨ ਮੰਤਰੀ 'ਤੇ ਵੀ ਇਸੇ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਸਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਸੀ।"
ਬੇਬੁਨਿਆਦ ਇਲਜ਼ਾਮ: ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਕਾਨੂੰਨ ਦੇ ਸ਼ਾਸਨ ਪ੍ਰਤੀ ਮਜ਼ਬੂਤ ਵਚਨਬੱਧਤਾ ਵਾਲਾ ਇੱਕ ਲੋਕਤੰਤਰੀ ਰਾਜ ਹੈ। "ਅਜਿਹੇ ਬੇਬੁਨਿਆਦ ਇਲਜ਼ਾਮ ਖਾਲਿਸਤਾਨੀ ਅੱਤਵਾਦੀਆਂ ਅਤੇ ਕੱਟੜਪੰਥੀਆਂ (Khalistani terrorists and extremists) ਤੋਂ ਧਿਆਨ ਹਟਾਉਣਾ ਲਈ ਹਨ, ਜਿਨ੍ਹਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਗਈ ਹੈ ਅਤੇ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਲਗਾਤਾਰ ਖ਼ਤਰਾ ਬਣਾਇਆ ਜਾ ਰਿਹਾ ਹੈ। ਇਸ ਮਾਮਲੇ 'ਤੇ ਕੈਨੇਡੀਅਨ ਸਰਕਾਰ ਦੀ ਅਣਗਹਿਲੀ ਲੰਬੇ ਸਮੇਂ ਤੋਂ ਅਤੇ ਲਗਾਤਾਰ ਚਿੰਤਾ ਦਾ ਵਿਸ਼ਾ ਰਹੀ ਹੈ। ਕੈਨੇਡੀਅਨ ਸਿਆਸੀ ਸ਼ਖਸੀਅਤਾਂ ਨੇ ਖੁੱਲ੍ਹੇਆਮ ਅਜਿਹੇ ਤੱਤਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ ਅਤੇ ਇਹ ਡੂੰਘੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। “ਕੈਨੇਡਾ ਵਿੱਚ ਕਤਲ, ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ ਸਮੇਤ ਕਈ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਦਿੱਤੀ ਗਈ ਜਗ੍ਹਾ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ਨੇ ਅਜਿਹੇ ਘਟਨਾਕ੍ਰਮ ਨਾਲ ਸਰਕਾਰ ਨੂੰ ਜੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ਸਖ਼ਤੀ ਨਾਲ ਰੱਦ ਕੀਤਾ ਹੈ। ਐਮਈਏ ਨੇ ਕਿਹਾ, “ਅਸੀਂ ਕੈਨੇਡਾ ਸਰਕਾਰ ਨੂੰ ਉਨ੍ਹਾਂ ਦੀ ਧਰਤੀ ਤੋਂ ਕੰਮ ਕਰ ਰਹੇ ਸਾਰੇ ਭਾਰਤ ਵਿਰੋਧੀ ਤੱਤਾਂ ਵਿਰੁੱਧ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।
ਦੱਸ ਦਈਏ ਬੀਤੇ ਦਿਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿੱਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਇਲਜ਼ਾਮ ਲਾਇਆ ਸੀ। ਨਿੱਝਰ ਜੋ ਕਿ ਭਾਰਤ ਵਿੱਚ ਲੋੜੀਂਦਾ ਸੀ, ਉਸ ਦਾ 18 ਜੂਨ ਨੂੰ ਕੈਨੇਡਾ ਦੇ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਖੇਤਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।