ਨਵੀਂ ਦਿੱਲੀ: ਦੇਸ਼ 'ਚ ਅਮੀਰ ਲੋਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੁਣ ਭਾਰਤ 145 ਅਰਬਪਤੀਆਂ ਦੇ ਨਾਲ ਅਮਰੀਕਾ (748) ਅਤੇ ਚੀਨ (554) ਤੋਂ ਬਾਅਦ ਵਿਸ਼ਵ ਪੱਧਰ 'ਤੇ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸਾਲ 2021 ਵਿੱਚ ਅਮੀਰ ਲੋਕਾਂ ਦੀ ਗਿਣਤੀ ਵਿੱਚ 11 ਫੀਸਦੀ (number of wealthy in India grew by 11) ਦਾ ਵਾਧਾ ਦਰਜ ਕੀਤਾ ਗਿਆ ਹੈ।
ਰੀਅਲ ਅਸਟੇਟ ਲੋਕਾਂ ਦੇ ਇਸ ਸਮੂਹ ਵਿੱਚ ਨਿਵੇਸ਼ ਦਾ ਤਰਜੀਹੀ ਵਿਕਲਪ ਬਣਿਆ ਹੋਇਆ ਹੈ। ਪਰ cryptocurrencies ਨੇ ਵੀ ਜਲਦ ਹੀ ਆਪਣੇ ਨਿਵੇਸ਼ ਪੋਰਟਫੋਲੀਓ ਵਿੱਚ ਇੱਕ ਥਾਂ ਬਣਾ ਲਈ ਹੈ। ਇਹ ਜਾਣਕਾਰੀ ਰੀਅਲ ਅਸਟੇਟ ਸਲਾਹਕਾਰ ਏਜੰਸੀ 'ਨਾਈਟ ਫਰੈਂਕ' ਨੇ ਆਪਣੀ ਪ੍ਰਾਪਰਟੀ ਰਿਪੋਰਟ 2022 'ਚ ਦਿੱਤੀ ਹੈ।
ਇਸ ਰਿਪੋਰਟ ਦੇ ਮੁਤਾਬਿਕ ਦੇਸ਼ ਵਿੱਚ 30 ਮਿਲੀਅਨ ਡਾਲਰ (ਕਰੀਬ 226 ਕਰੋੜ ਰੁਪਏ) ਜਾਂ ਇਸ ਤੋਂ ਵੱਧ ਜਾਇਦਾਦ ਰੱਖਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਪਿਛਲੇ ਸਾਲ 11 ਫੀਸਦ ਦਾ ਵਾਧਾ ਹੋਇਆ ਹੈ, ਜਿਸ ਵਿੱਚ ਸਟਾਕ ਮਾਰਕੀਟ ਵਿੱਚ ਉਛਾਲ ਅਤੇ ਡਿਜੀਟਲ ਕ੍ਰਾਂਤੀ ਦਾ ਮਹੱਤਵਪੂਰਨ ਯੋਗਦਾਨ ਹੈ।
ਇਸ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ ਜਿਆਦਾ ਸੰਪਤੀ ਵਾਲੇ ਅਮੀਰਾਂ ਦੀ ਗਿਣਤੀ ਪਿਛਲੇ ਸਾਲ 12,287 ਤੋਂ 2021 ਵਿੱਚ 13,637 ਤੱਕ ਪਹੁੰਚ ਗਈ ਹੈ। ਇਸ 'ਚ ਸਭ ਤੋਂ ਜ਼ਿਆਦਾ ਅਮੀਰ ਲੋਕਾਂ ਦੀ ਗਿਣਤੀ ਬੈਂਗਲੁਰੂ 'ਚ ਦੇਖਣ ਨੂੰ ਮਿਲੀ ਜਿੱਥੇ ਉਨ੍ਹਾਂ ਦੀ ਗਿਣਤੀ 17.1 ਫੀਸਦੀ ਵਧ ਕੇ 352 ਹੋ ਗਈ। ਇਸ ਤੋਂ ਬਾਅਦ ਦਿੱਲੀ (12.4 ਫੀਸਦੀ ਵੱਧ ਕੇ 210) ਅਤੇ ਮੁੰਬਈ (9 ਫੀਸਦੀ ਵੱਧ ਕੇ 1,596) ਦਾ ਨੰਬਰ ਆਉਂਦਾ ਹੈ।
ਨਾਈਟ ਫ੍ਰੈਂਕ ਦੀ ਰਿਪੋਰਟ ਕਹਿੰਦੀ ਹੈ ਕਿ ਬਹੁਤ ਹੀ ਅਮੀਰ ਲੋਕਾਂ ਦੀ ਲਗਭਗ 30 ਫੀਸਦ ਦੌਲਤ ਪ੍ਰਾਇਮਰੀ ਅਤੇ ਸੈਕੰਡਰੀ ਘਰ ਖਰੀਦਣ ਲਈ ਵਰਤੀ ਜਾਂਦੀ ਸੀ। ਇਸ ਦੇ ਨਾਲ ਹੀ ਨਿਵੇਸ਼ਯੋਗ ਪੂੰਜੀ ਦਾ 22 ਫੀਸਦ ਵਪਾਰਕ ਜਾਇਦਾਦਾਂ ਦੀ ਸਿੱਧੀ ਖਰੀਦ ਵਿੱਚ ਨਿਵੇਸ਼ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਅੱਠ ਫੀਸਦੀ ਜਾਇਦਾਦ ਵੀ ਵਿਦੇਸ਼ਾਂ ਤੋਂ ਖਰੀਦੀ ਗਈ ਸੀ। ਰਿਪੋਰਟ ਮੁਤਾਬਕ ਭਾਰਤ ਦੇ 10 ਫੀਸਦੀ ਅਮੀਰ ਲੋਕ ਸਾਲ 2022 'ਚ ਨਵਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਭਾਰਤੀ ਬਾਜ਼ਾਰ 'ਚ ਘਰ ਖਰੀਦਣਾ ਉਨ੍ਹਾਂ ਲਈ ਪਹਿਲੀ ਪਸੰਦ ਹੈ। ਇਸ ਦੇ ਨਾਲ ਹੀ, ਵਿਸ਼ਵ ਪੱਧਰ 'ਤੇ 21 ਫੀਸਦ ਬਹੁਤ ਅਮੀਰ ਲੋਕ ਇਸ ਸਾਲ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ।
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2021 ਵਿੱਚ, 18 ਫੀਸਦ ਅਮੀਰਾਂ ਨੇ ਕ੍ਰਿਪਟੋਕੁਰੰਸੀ ਸੰਪਤੀਆਂ ਵਿੱਚ ਨਿਵੇਸ਼ ਕੀਤਾ ਜਦਕਿ 11 ਫੀਸਦ ਅਮੀਰਾਂ ਨੇ ਐਨਐਫਟੀ ਵਿੱਚ ਨਿਵੇਸ਼ ਕੀਤਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਵਿੱਚ ਕ੍ਰਿਪਟੋਕਰੰਸੀ ਇੱਕ ਮੁੱਖ ਧਾਰਾ ਨਿਵੇਸ਼ ਬਣ ਰਹੀ ਪ੍ਰਤੀਤ ਹੁੰਦੀ ਹੈ। ਹਾਲਾਂਕਿ, ਸਰਵੇਖਣ ਭਾਗੀਦਾਰਾਂ ਵਿੱਚੋਂ ਇੱਕ ਤਿਹਾਈ ਵਿੱਚ ਕ੍ਰਿਪਟੋਕਰੰਸੀ ਬਾਰੇ ਸੁਰੱਖਿਆ ਚਿੰਤਾਵਾਂ ਰਹਿੰਦੀਆਂ ਹਨ।
ਇਸ ਤੋਂ ਇਲਾਵਾ ਬਹੁਤ ਅਮੀਰ ਭਾਰਤੀਆਂ ਨੇ ਵੀ ਕਲਾ, ਗਹਿਣਿਆਂ, ਕਲਾਸਿਕ ਕਾਰਾਂ ਅਤੇ ਘੜੀਆਂ ਵਿੱਚ ਆਪਣੇ ਨਿਵੇਸ਼ ਦਾ 11 ਫੀਸਦ ਲਗਾਇਆ ਹੈ। ਇਸ ਰਿਪੋਰਟ ਦੇ ਮੁਤਾਬਿਕ ਇਹਨਾਂ ਵਸਤੂਆਂ ਦੇ ਮਾਲਕ ਹੋਣ ਨਾਲ ਜੁੜੀ ਖੁਸ਼ੀ ਇਸ ਨਿਵੇਸ਼ 'ਤੇ ਵਾਪਸੀ ਨਾਲੋਂ ਬਹੁਤ ਵੱਡਾ ਕਾਰਕ ਹੈ। ਇਸ ਵਿੱਚ ਵੀ ਕਲਾਤਮਕ ਵਸਤੂਆਂ ਉੱਤੇ ਨਿਵੇਸ਼ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ।
ਇਹ ਵੀ ਪੜੋ:"ਯੂਕਰੇਨ ਤੋਂ 12 ਹਜ਼ਾਰ ਵਿਦਿਆਰਥੀ ਨਿਕਲੇ, ਕੀਵ 'ਚ ਕੋਈ ਭਾਰਤੀ ਨਹੀਂ"