ਨਵੀਂ ਦਿੱਲੀ:ਵਿਰੋਧੀ ਧਿਰ ਦੇ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (Indian National Developmental Inclusive Alliance) ਦੇ ਮੁੱਖ ਨੇਤਾਵਾਂ ਦੀ ਮੰਗਲਵਾਰ ਨੂੰ ਦਿੱਲੀ ਵਿੱਚ ਬੈਠਕ ਹੋਵੇਗੀ, ਜਿਸ 'ਚ ਸੀਟਾਂ ਦੀ ਵੰਡ, ਸਾਂਝੀਆਂ ਜਨਤਕ ਮੀਟਿੰਗਾਂ ਕਰਨ ਅਤੇ ਨਵੀਂ ਰਣਨੀਤੀ ਬਣਾਉਣ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਵੇਗੀ। ਅਗਲੀਆਂ ਲੋਕ ਸਭਾ ਚੋਣਾਂ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਦੂਜੇ ਪਾਸੇ, ਵਿਰੋਧੀ ਧੜਾ ਪੂਰੇ ਸਰਦ ਰੁੱਤ ਸੈਸ਼ਨ ਦੇ ਬਾਈਕਾਟ ਦਾ ਐਲਾਨ ਕਰ ਸਕਦਾ ਹੈ। ਇਹ ਫੈਸਲਾ ਸੋਮਵਾਰ ਨੂੰ ਦੋਵਾਂ ਸਦਨਾਂ ਵਿੱਚ ਮੈਂਬਰਾਂ ਦੀ ਮੁਅੱਤਲੀ ਦੇ ਵਿਰੋਧ ਵਿੱਚ ਲਿਆ ਜਾ ਸਕਦਾ ਹੈ।
ਸਾਂਝੀਆਂ ਜਨਤਕ ਮੀਟਿੰਗਾਂ ਬਾਰੇ ਚਰਚਾ: ਇਹ ਮੀਟਿੰਗਾਂ ਕੁੱਝ ਸਮਾਂ ਪਹਿਲਾਂ ਹੀ ਹੋਈਆਂ ਹਨ। ਇਹਗ ਮੀਟਿੰਗ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਦੇ ਪਿਛੋਕੜ ਵਿੱਚ ਹੋ ਰਹੀ ਹੈ। ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਵਿੱਚ ਮੁੱਖ ਤੌਰ ’ਤੇ ਹਾਂ-ਪੱਖੀ ਏਜੰਡਾ ਤੈਅ ਕਰਨ, ਸੀਟਾਂ ਦੀ ਵੰਡ, ਨਵੀਂ ਰਣਨੀਤੀ ਬਣਾਉਣ ਅਤੇ ਸਾਂਝੀਆਂ ਜਨਤਕ ਮੀਟਿੰਗਾਂ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਇਹ ਮੀਟਿੰਗ ਅਸ਼ੋਕਾ ਹੋਟਲ, ਦਿੱਲੀ ਵਿੱਚ ਹੋਵੇਗੀ। ਬੈਠਕ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ 'I.N.D.I.A.' ਗਠਜੋੜ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਫੈਸਲਾ 2024 ਦੀਆਂ ਲੋਕ ਸਭਾ ਚੋਣਾਂ (2024 Lok Sabha Elections) ਤੋਂ ਬਾਅਦ ਕੀਤਾ ਜਾਵੇਗਾ।
ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਗਠਜੋੜ ਦੀਆਂ ਜੋ ਕਮੇਟੀਆਂ ਬਣਾਈਆਂ ਗਈਆਂ ਸਨ, ਉਹ ਪਰਦੇ ਪਿੱਛੇ ਕੰਮ ਕਰ ਰਹੀਆਂ ਹਨ ਅਤੇ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਯਾਦਵ ਨੇ ਕਿਹਾ ਕਿ ਵਿਰੋਧੀ ਗਰੁੱਪ 'ਚ ਹਰ ਕੋਈ ਆਪਣੀ ਭੂਮਿਕਾ ਨਿਭਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਤਰੀ ਪਾਰਟੀਆਂ ਬਹੁਤ ਮਜ਼ਬੂਤ ਹਨ।