ਤਰੌਬਾ (ਟ੍ਰਿਨੀਦਾਦ): ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਟੀ-20 ਮੈਚ 'ਚ 68 ਦੌੜਾਂ ਨਾਲ ਹਰਾਇਆ। ਇਸ ਮੈਚ 'ਚ ਟੀਮ ਦੀ ਜਿੱਤ ਦੇ ਹੀਰੋ ਕਪਤਾਨ ਰੋਹਿਤ ਸ਼ਰਮਾ ਰਹੇ, ਜਿਨ੍ਹਾਂ ਨੇ 64 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਟੀਮ ਇੰਡੀਆ ਨੇ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 190 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਵੈਸਟਇੰਡੀਜ਼ 20 ਓਵਰ ਖੇਡ ਕੇ ਸਿਰਫ 122 ਦੌੜਾਂ ਹੀ ਬਣਾ ਸਕੀ। ਵੈਸਟਇੰਡੀਜ਼ ਨੇ ਆਪਣੀਆਂ 8 ਵਿਕਟਾਂ ਗੁਆ ਦਿੱਤੀਆਂ, ਪਰ ਅੰਤ ਵਿੱਚ ਟੀਮ ਇੰਡੀਆ ਨੇ ਇਹ ਮੈਚ 68 ਦੌੜਾਂ ਨਾਲ ਜਿੱਤ ਲਿਆ ਅਤੇ 5 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ।
191 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਨੇ ਸ਼ੁਰੂ ਤੋਂ ਹੀ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਅਰਸ਼ਦੀਪ ਸਿੰਘ ਨੇ ਸਭ ਤੋਂ ਪਹਿਲਾਂ ਕਾਇਲ ਮਾਇਰਸ ਨੂੰ ਆਊਟ ਕੀਤਾ। ਉਸ ਤੋਂ ਬਾਅਦ ਜੇਸਨ ਹੋਲਡਰ ਵੀ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ, ਪਰ ਰਵੀਚੰਦਰਨ ਅਸ਼ਵਿਨ ਅਤੇ ਰਵੀ ਬਿਸ਼ਨੋਈ ਦੀ ਜੋੜੀ ਵੈਸਟਇੰਡੀਜ਼ ਲਈ ਇੱਕ ਡਰਾਉਣਾ ਸੁਪਨਾ ਬਣ ਕੇ ਆਈ। ਦੋਵੇਂ ਸਪਿਨਰਾਂ ਨੇ ਕੁੱਲ 4 ਵਿਕਟਾਂ ਲਈਆਂ। ਅਸ਼ਵਿਨ ਨੇ ਆਪਣੇ 4 ਓਵਰਾਂ ਵਿੱਚ ਸਿਰਫ 22 ਦੌੜਾਂ ਦੇ ਕੇ 2 ਵਿਕਟਾਂ ਲਈਆਂ ਜਦਕਿ ਰਵੀ ਬਿਸ਼ਨੋਈ ਨੇ 4 ਓਵਰਾਂ 'ਚ 26 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਲਈਆਂ। ਵੈਸਟ ਇੰਡੀਜ਼ ਤੋਂ ਐੱਸ. ਬਰੂਕਸ ਨੇ 20, ਕਪਤਾਨ ਨਿਕੋਲਸ ਪੂਰਨ ਨੇ 18 ਦੌੜਾਂ ਬਣਾਈਆਂ।