ਮਾਲਦਾ—ਪੱਛਮੀ ਬੰਗਾਲ ਦੇ ਮਾਲਦਾ ਦੀ ਰਹਿਣ ਵਾਲੀ 20 ਸਾਲਾ ਔਰਤ, ਜੋ ਕਿ ਬੇਹੱਦ ਗਰੀਬੀ ਨਾਲ ਜੂਝ ਰਹੀ ਹੈ, ਨੇ ਕਥਿਤ ਤੌਰ 'ਤੇ ਆਪਣੇ 18 ਦਿਨਾਂ ਦੇ ਬੱਚੇ ਨੂੰ ਡੇਢ ਲੱਖ ਰੁਪਏ 'ਚ ਵੇਚ ਦਿੱਤਾ। ਪੁਲਿਸ ਨੇ ਐਤਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਮਾਲਦਾ ਦੇ ਹਰੀਸ਼ਚੰਦਰਪੁਰ 'ਚ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬੱਚਾ ਮਾਂ ਨੂੰ ਵਾਪਸ ਕਰ ਦਿੱਤਾ ਗਿਆ ਸੀ ਪਰ ਵਿਵਾਦ ਉਸ ਸਮੇਂ ਖੜ੍ਹਾ ਹੋ ਗਿਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਤ੍ਰਿਣਮੂਲ ਕਾਂਗਰਸ ਦੇ ਇਕ ਸਥਾਨਕ ਨੇਤਾ ਨੇ ਬੱਚੇ ਨੂੰ ਖਰੀਦਣ ਵਾਲੇ ਵਿਅਕਤੀ ਨੂੰ ਪੈਸੇ ਵਾਪਸ ਨਹੀਂ ਕੀਤੇ, ਜਦਕਿ ਔਰਤ ਨੂੰ ਸੌਂਪ ਦਿੱਤਾ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਦਬਾਅ ਤੋਂ ਬਾਅਦ ਟੀਐਮਸੀ ਨੇਤਾ ਨੇ 1.20 ਲੱਖ ਰੁਪਏ ਵਾਪਸ ਕਰ ਦਿੱਤੇ ਅਤੇ ਬਾਕੀ 30,000 ਰੁਪਏ 10 ਦਿਨ੍ਹਾਂ ਵਿੱਚ ਵਾਪਸ ਕਰਨ ਦਾ ਵਾਅਦਾ ਕੀਤਾ। ਇਸ ਸਬੰਧੀ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਉਪ ਮੰਡਲ ਮੈਜਿਸਟਰੇਟ ਨੇ ਸਬੰਧਤ ਬੀਡੀਓ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਪਤਾ ਲੱਗਾ ਹੈ ਕਿ ਔਰਤ ਦਾ ਪਤੀ ਕਿਸੇ ਹੋਰ ਸੂਬੇ 'ਚ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਘਰ ਪੈਸੇ ਨਹੀਂ ਭੇਜਦਾ।