ਰਾਜੋਆਣਾ ਦੀ ਰਹਿਮ ਪਟੀਸ਼ਨ 'ਤੇ ਬੋਲੇ ਅਮਿਤ ਸ਼ਾਹ ਦਿੱਲੀ:ਬੁੱਧਵਾਰ ਨੂੰ ਲੋਕ ਸਭਾ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਤਿੰਨ ਨਵੇਂ ਅਪਰਾਧਿਕ ਕਾਨੂੰਨ ਬਿੱਲਾਂ ਬਾਰੇ ਜਾਣਕਾਰੀ ਦਿੰਦਿਆ ਦੇਸ਼ਧ੍ਰੋਹ ਕਾਨੂੰਨ ਖ਼ਤਮ; ਨਾਬਾਲਿਗ ਨਾਲ ਬਲਾਤਕਾਰ ਅਤੇ ਭੀੜ ਵੱਲੋਂ ਕੁੱਟਮਾਰ ਕਰਨ 'ਤੇ ਮੌਤ ਦੀ ਸਜ਼ਾ ਦਾ ਐਲਾਨ ਵਰਗੇ ਕਾਨੂੰਨਾਂ ਦਾ ਜ਼ਿਕਰ ਕੀਤਾ। ਇਹ ਬਿੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੋਕ ਸਭਾ 'ਚ ਪੇਸ਼ ਕੀਤੇ ਗਏ ਅਤੇ ਪਾਸ ਵੀ ਹੋਏ। ਇਸ ਦੌਰਾਨ ਸੁਝਾਅ ਮੰਗੇ ਜਾਣ ਉੱਤੇ ਇਕ ਵਾਰ ਫਿਰ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਬਲੰਵਤ ਸਿੰਘ ਰਾਜੋਆਣਾ ਦੀ ਰਹਿਮ ਪਟੀਸ਼ਨ ਦਾ ਜ਼ਿਕਰ ਕੀਤਾ ਜਿਸ ਉੱਤੇ ਅਮਿਤ ਸ਼ਾਹ ਨੇ ਜਵਾਬ ਵੀ ਦਿੱਤਾ।
ਸਿੱਖ ਕੌਮ ਨਾਲ ਜੁੜੀਆਂ ਭਾਵਨਾਵਾਂ: ਹਰਸਿਮਰਤ ਬਾਦਲ ਨੇ ਲੋਕ ਸਭਾ ਵਿੱਚ ਕਿਹਾ ਕਿ ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਦੇ ਜ਼ੁਲਮਾਂ ਤੋਂ ਤੰਗ ਆ ਕੇ ਪੰਜਾਬ ਦੇ ਕਈ ਸਿੱਖ ਨੌਜਵਾਨਾਂ ਨੇ ਰਣਨੀਤੀ ਬਣਾ ਕੇ ਦੋਵਾਂ ਦਾ ਕਤਲ ਕਰ ਦਿੱਤਾ ਅਤੇ ਫੇਰ ਪੂਰੀ ਸਰਕਾਰ ਸਿੱਖ ਕੌਮ ਦੇ ਵਿਰੁੱਧ ਭੁਗਤੀ। ਇਸ ਵਿਚਾਲੇ ਦੇਸ਼ ਲਈ ਹਮੇਸ਼ਾ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਈ ਬੇਕਸੂਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ।
ਹਰਿਸਮਰਤ ਕੌਰ ਬਾਦਲ ਨੇ ਅੱਗੇ ਕਿਹਾ ਕਿ ਖੁੱਦ ਦੇਸ਼ ਦੇ ਪ੍ਰਧਾਨ ਮੰਤਰੀ ਮੰਨਦੇ ਹਨ ਕਿ ਸਿੱਖਾਂ ਨਾਲ 1984 ਵਿੱਚ ਸ਼ਰੇਆਮ ਧੱਕਾ ਹੋਇਆ, ਪਰ ਅੱਜ ਉਹ ਜੇਲ੍ਹ ਵਿੱਚ ਲਗਭਗ ਸਾਰੀ ਉਮਰ ਬਿਤਾ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੀ ਕਦਮ ਨਹੀਂ ਚੁੱਕ ਰਹੇ। ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਅਸਿੱਧੇ ਤੌਰ ਉੱਤੇ ਡੇਰਾ ਮੁਖੀ ਰਾਮ ਰਹੀਮ ਬਾਰੇ ਗੱਲ ਕਰਦਿਆਂ ਕਿਹਾ ਕਿ ਜ਼ੁਲਮ ਦਾ ਸਿਖ਼ਰ ਕਰਨ ਵਾਲੇ ਲੋਕਾਂ ਨੂੰ ਅਸਾਨੀ ਨਾਲ ਪੈਰੋਲ ਮਿਲ ਰਹੀ ਹੈ ਪਰ ਜ਼ੁਲਮ ਦੀ ਹਨੇਰੀ ਵਿੱਚ ਹਥਿਆਰ ਚੁੱਕਣ ਵਾਲਿਆਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹ ਵਿੱਚ ਡੱਕਿਆ ਜਾ ਰਿਹਾ ਹੈ।
ਗੁਨਾਹ ਦਾ ਪਛਤਾਵਾ ਨਹੀਂ, ਤਾਂ ਰਹਿਮ ਉੱਤੇ ਅਧਿਕਾਰ ਨਹੀਂ : ਇਸ ਉੱਤੇ ਬੋਲਦਿਆ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਸਿਮਰਤ ਬਾਦਲ ਦਾ ਕਹਿਣਾ ਹੈ ਕਿ ਰਹਿਮ ਪਟੀਸ਼ਨ ਉੱਤੇ ਥਰਡ ਪਾਰਟੀ ਨੂੰ ਅਧਿਕਾਰ ਦਿੱਤਾ ਜਾਵੇ। ਪਰ, ਜਿਸ ਨੂੰ ਆਪਣੇ ਕੀਤੇ ਹੋਏ ਜ਼ੁਰਮ ਦਾ ਪਛਤਾਵਾ ਹੀ ਨਹੀਂ ਹੈ, ਉਸ ਦਾ ਰਹਿਮ ਉੱਤੇ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਅੱਤਵਾਦੀ ਗੁਨਾਹ ਕਰੇਗਾ ਅਤੇ ਜੇਲ੍ਹ ਜਾਵੇਗਾ, ਪਰ ਫਿਰ ਕਹੇਗਾ ਕਿ ਮੈ ਨਹੀ ਮੰਨਦਾ ਕਿ ਮੈਂ ਕੁਝ ਗ਼ਲਤ ਕੀਤਾ ਹੈ ਜਾਂ ਕੋਈ ਗੁਨਾਹ ਕੀਤਾ ਹੈ, ਤਾਂ ਅਜਿਹੇ ਵਿੱਚ ਉਸ ਦੋਸ਼ੀ ਉੱਤੇ ਰਹਿਮ ਕਰੀਏ, ਇਹ ਮੈਂ ਸਹੀ ਨਹੀਂ ਮੰਨਦਾ।